ਸਥਾਨਕ ਚੋਣਾਂ ‘ਚ ਕਾਂਗਰਸ ਦੀ ਸ਼ਾਨਦਾਰ ਜਿੱਤ, ਤਿੰਨੇ ਨਿਗਮਾਂ ‘ਤੇ ‘ਪੰਜੇ’ ਦਾ ਕਬਜ਼ਾ

ਪੰਜਾਬ ਅਤੇ ਪੰਜਾਬੀਅਤ

ਚੰਡੀਗੜ੍ਹ : ਪੰਜਾਬ ਵਿਚ ਹੋਈਆਂ ਸਥਾਨਕ ਚੋਣਾਂ ਦੌਰਾਨ ਤਿੰਨੇ ਨਗਰ ਨਿਗਮਾਂ ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਵਿਚ ਕਾਂਗਰਸ ਨੇ ਆਪਣੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਜ਼ਿਲ੍ਹਿਆਂ ਅਧੀਨ ਪੈਂਦੀਆਂ ਜ਼ਿਆਦਾਤਰ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚ ਵੀ ਕਾਂਗਰਸ ਨੇ ਹੀ ਬਾਜ਼ੀ ਮਾਰੀ ਹੈ। ਪੰਜਾਬ ਵਿਚ ਕੁੱਝ ਹਿੰਸਾ ਦੀਆਂ ਘਟਨਾਵਾਂ ਦੇ ਵਿਚਕਾਰ ਸਥਾਨਕ ਚੋਣਾਂ ਦੇ ਲਈ ਕਰੀਬ 4:30 ਤੋਂ 5 ਵਜੇ ਤੱਕ ਵੋਟਿੰਗ ਸਮਾਪਤ ਹੋ ਗਈ, ਜਿਸ ਦੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਅਤੇ ਨਤੀਜੇ ਆਉਣੇ ਸ਼ੁਰੂ ਹੋ ਗਏ।ਜਲੰਧਰ ਨਗਰ ਨਿਗਮ ਵਿਚ ਕਾਂਗਰਸ ਨੂੰ ਭਾਰੀ ਬਹੁਮਤ ਹਾਸਲ ਹੋਇਆ ਹੈ। ਇੱਥੇ ਨਿਗਮ ਦੀਆਂ 66 ਸੀਟਾਂ ‘ਤੇ ਕਾਂਗਰਸ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਦੋਂ ਕਿ 12 ਸੀਟਾਂ ਅਕਾਲੀ-ਭਾਜਪਾ ਦੇ ਖ਼ਾਤੇ ਵਿਚ ਪਈਆਂ ਹਨ ਅਤੇ ਦੋ ਸੀਟਾਂ ਹੋਰ ਨੂੰ ਹਾਸਲ ਹੋਈਆਂ ਹਨ। ਇੱਥੇ ਵੀ ਆਮ ਆਦਮੀ ਪਾਰਟੀ ਆਪਣਾ ਖ਼ਾਤਾ ਖੋਲ੍ਹ ਸਕਣ ਵਿਚ ਅਸਮਰੱਥ ਰਹੀ। ਕਾਂਗਰਸ ਦੀ ਜਿੱਤ ਦਾ ਐਲਾਨ ਹੁੰਦਿਆਂ ਹੀ ਇੱਥੇ ਖ਼ੁਸ਼ੀ ਵਿਚ ਖੀਵੇ ਹੋਏ ਕਾਂਗਰਸੀਆਂ ਨੇ ਜਮ ਕੇ ਜਸ਼ਨ ਮਨਾਇਆ।ਇਸੇ ਤਰ੍ਹਾਂ ਪਟਿਆਲਾ ਵਿਚ 60 ਸੀਟਾਂ ਵਿਚੋਂ ਅਜੇ ਤੱਕ ਐਲਾਨ ਸਾਰੀਆਂ 55 ਸੀਟਾਂ ‘ਤੇ ਕਾਂਗਰਸ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਭਾਵ ਇੱਥੇ ਵੀ ਕਾਂਗਰਸ ਨੂੰ ਬਹੁਮਤ ਹਾਸਲ ਹੋ ਗਿਆ ਹੈ। ਇੱਥੇ ਕਾਂਗਰਸ ਦੀ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਵਿਖੇ ਜਸ਼ਨ ਦਾ ਮਾਹੌਲ ਪਾਇਆ ਗਿਆ। ਸ਼ਹਿਰ ਵਿਚ ਹੋਰਨਾਂ ਥਾਵਾਂ ‘ਤੇ ਕਾਂਗਰਸੀਆਂ ਵੱਲੋਂ ਭੰਗੜੇ ਪਾ ਕੇ ਜਸ਼ਨ ਮਨਾਏ ਗਏ ਅਤੇ ਲੱਡੂ ਵੰਡੇ ਗਏ।ਅੰਮ੍ਰਿਤਸਰ ਵਿਚ ਕਾਂਗਰਸ ਨੇ 69 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ ਜਦੋਂ ਕਿ ਅਕਾਲੀ-ਭਾਜਪਾ ਨੂੰ 12 ਸੀਟਾਂ ‘ਤੇ ਹੀ ਸਬਰ ਕਰਨਾ ਪਿਆ। ਇਸੇ ਤਰ੍ਹਾਂ 4 ਸੀਟਾਂ ਹੋਰ ਦੇ ਖ਼ਾਤੇ ਗਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦਾ ਖ਼ਾਤਾ ਵੀ ਨਹੀਂ ਖੁੱਲ੍ਹ ਸਕਿਆ। ਅੰਮ੍ਰਿਤਸਰ ਵਿਚ ਕਾਂਗਰਸ ਦੀ ਸ਼ਾਨਦਾਰ ਹੋਈ ਜਿੱਤ ਤੋਂ ਬਾਅਦ ਕਾਂਗਰਸੀਆਂ ਵਿਚ ਜ਼ਸ਼ਨ ਦਾ ਮਾਹੌਲ ਪਾਇਆ ਗਿਆ। ਜਿੱਤ ਦਾ ਐਲਾਨ ਹੁੰਦੇ ਹੀ ਕਾਂਗਰਸੀਆਂ ਨੇ ਖ਼ੁਸ਼ੀ ਵਿਚ ਜਿੱਥੇ ਭੰਗੜੇ ਪਾਏ, ਉਥੇ ਹੀ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ।ਤਰਨਤਾਰਨ ਦੇ ਖੇਮਕਰਨ ਵਿਚ ਨਗਰ ਪੰਚਾਇਤ ਦੀਆਂ ਚੋਣਾਂ ਵਿਚ 13 ਸੀਟਾਂ ਵਿਚੋਂ 10 ‘ਤੇ ਪਹਿਲਾਂ ਤੋਂ ਹੀ ਕਾਂਗਰਸ ਪਾਰਟੀ ਦਾ ਕਬਜ਼ਾ ਸੀ। ਹੁਣ ਖੇਮਕਰਨ ਦੇ 3 ਵਾਰਡਾਂ ਵਿਚ ਚੋਣ ਹੋਈ, ਜਿਸ ਵਿਚ ਵਾਰਡ ਨੰਬਰ 5 ਤੋਂ ਅਜ਼ਾਦ ਉਮੀਦਵਾਰ ਇੰਦਰ ਕੌਰ, ਵਾਰਡ 13 ਤੋਂ ਕਾਂਗਰਸ ਦੇ ਉਮੀਦਵਾਰ ਸਾਦਿਕ ਅਤੇ ਵਾਰਡ 8 ਤੋਂ ਕਾਂਗਰਸ ਦੇ ਉਮੀਦਵਾਰ ਕੁਲਵੰਤ ਕੌਰ ਜੇਤੂ ਐਲਾਨ ਕੀਤੇ ਗਏ। ਇਸ ਤਰ੍ਹਾਂ ਖੇਮਕਰਨ ਨਗਰ ਪੰਚਾਇਤ ਚੋਣਾਂ ਵਿਚ ਕੁੱਲ 13 ਸੀਟਾਂ ਵਿਚੋਂ 12 ਸੀਟਾਂ ‘ਤੇ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਅਤੇ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਖ਼ਾਤੇ ਵਿਚ ਆਈ ਹੈ।ਸ੍ਰੀ ਮੁਕਤਸਰ ਸਾਹਿਬ ਦੀ ਨਗਰ ਪੰਚਾਇਤ ਬਰੀਵਾਲਾ ‘ਤੇ 10 ਸਾਲਾਂ ਤੋਂ ਬਆਦ ਕਾਂਗਰਸ ਦਾ ਕਬਜ਼ਾ ਹੋਇਆ ਹੈ। 11 ਵਿਚੋਂ 9 ‘ਤੇ ਕਾਂਗਰਸ, ਇੱਕ ‘ਤੇ ਕਾਂਗਰਸ ਸਮਰਥਿਤ ਆਜ਼ਾਦ ਅਤੇ ਸਿਰਫ਼ 1 ‘ਤੇ ਅਕਾਲੀ ਉਮੀਦਵਾਰ ਜਿੱਤਿਆ। ਬਿਲਗਾ ਵਿਚ ਕਾਂਗਰਸ ਨੇ 8, ਅਕਾਲੀ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ।ਸ਼ਾਹਕੋਟ ਵਿਚ ਕਾਂਗਰਸ ਨੇ 12 ਅਤੇ ਆਜ਼ਾਦ ਨੇ ਇੱਕ ਸੀਟ ‘ਤੇ ਜਿੱਤ ਦਰਜ ਕੀਤੀ। ਇੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਅਤੇ ਆਪ ਦਾ ਖ਼ਾਤਾ ਵੀ ਨਹੀਂ ਖੁੱਲ੍ਹ ਸਕਿਆ। ਇਸੇ ਤਰ੍ਹਾਂ ਨਰੋਟ ਜੈਮਲ ਸਿੰਘ ਨਗਰ ਪੰਚਾਇਤ ਵਿਚ ਕਾਂਗਰਸ ਦਾ ਝੰਡਾ ਬੁਲੰਦ ਰਿਹਾ। ਇੱਥੇ ਸਾਰੀਆਂ 11 ਦੀਆਂ 11 ਸੀਟਾਂ ‘ਤੇ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ।ਕਪੂਰਥਲਾ ਦੇ ਭੁਲੱਥ ਵਿਚ ਕਾਂਗਰਸ ਨੇ 5, ਅਕਾਲੀ-ਭਾਜਪਾ ਨੇ 4, ਆਪ ਨੇ 1 ਅਤੇ ਆਜ਼ਾਦ ਉਮੀਵਾਰਾਂ ਨੇ 2 ਸੀਟਾਂ ‘ਤੇ ਜਿੱਤ ਦਰਜ ਕੀਤੀ। ਕਪੂਰਥਲਾ ਬੇਗੋਵਾਲ ਵਿਚ ਸਾਰੀਆਂ 13 ਸੀਟਾਂ ਦਾ ਨਤੀਜਾ ਐਲਾਨਿਆ ਗਿਆ। ਕਾਂਗਰਸ ਨੇ 4, ਅਕਾਲੀ ਦਲ 8 ਅਤੇ ਆਪ ਨੇ ਇਕ ਸੀਟ ‘ਤੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਨਗਰ ਪੰਚਾਇਤ ਹੰਢਿਆਇਆ ਵਿਚ ਕਾਂਗਰਸ ਨੇ 7, ਭਾਜਪਾ ਨੇ 3 ਅਕਾਲੀ ਦਲ ਨੇ 3 ਸੀਟਾਂ ‘ਤੇ ਦਰਜ ਕੀਤੀ। ਇਸ ਤੋਂ ਇਲਾਵਾ ਭੋਗਪੁਰ ਵਿਚ ਕਾਂਗਰਸ ਨੇ 8 ਅਤੇ ਅਕਾਲੀ ਦਲ ਨੇ 5 ਸੀਟਾਂ ‘ਤੇ ਜਿੱਤ ਦਰਜ ਕੀਤੀ।ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਦੇ ਅਮਲੋਹ ਵਿਚ ਵਾਰਡ 5 ਤੋਂ ਕਾਂਗਰਸ ਦੀ ਕਿਰਨ ਸੂਦ, ਵਾਰਡ 6 ਤੋਂ ਹਰਵਿੰਦਰ ਸਿੰਘ ਅਤੇ ਵਾਰਡ 8 ਤੋਂ ਹਰਪ੍ਰੀਤ ਸਿੰਘ ਜੇਤੂ ਐਲਾਨੇ ਗਏ। ਵਾਰਡ 10 ਤੋਂ ਭਾਜਪਾ ਦੀ ਪੂਨਮ ਜਿੰਦਲ ਜੇਤੂ ਐਲਾਨੀ ਗਈ। ਇੱਥੇ ਵੀ ਕਾਂਗਰਸ ਦਾ ਹੀ ਬਹੁਮਤ ਰਿਹਾ। ਨਗਰ ਪੰਚਾਇਤ ਢਿੱਲਵਾ ਦੇ 11 ਵਾਰਡਾਂ ਵਿਚੋਂ 6 ‘ਤੇ ਕਾਂਗਰਸ ਨੇ ਜਿੱਤ ਦਰਜ ਕੀਤੀ।ਗੋਰਾਇਆ ਵਿਚ ਸਾਰੀਆਂ ਸੀਟਾਂ ਦੇ ਨਤੀਜੇ ਐਲਾਨੇ ਗਏ ਹਨ। ਇੱਥੇ ਕਾਂਗਰਸ 10, ਅਕਾਲੀ ਦਲ ਅਤੇ ਭਾਜਪਾ ਨੇ ਇੱਕ-ਇੱਕ ਸੀਟ ‘ਤੇ ਜਿੱਤ ਦਰਜ ਕੀਤੀ ਜਦੋਂ ਕਿ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਖ਼ਾਤੇ ਪਈ। ਰਾਜਾਸਾਂਸੀ ਵਿਚ ਕਾਂਗਰਸ ਨੇ ਸਾਰੇ 13 ਵਾਰਡਾਂ ਵਿਚ ਜਿੱਤ ਦਰਜ ਕੀਤੀ।ਸਥਾਨਕ ਚੋਣਾਂ ਵਿਚ ਕਾਂਗਰਸ ਦੀ ਸ਼ਾਨਦਾਰ ਜਿੱਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬ ਦੀਆਂ ਸਥਾਨਕ ਚੋਣਾਂ ਵਿਚ ਕਾਂਗਰਸ ਦੀ ਹੋਈ ਸ਼ਾਨਦਾਰ ਜਿੱਤ ਆਲ ਇੰਡੀਆ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਰਾਹੁਲ ਗਾਂਧੀ ਦੇ ਲਈ ਇੱਕ ਤੋਹਫ਼ਾ ਹੈ। ਪੰਜਾਬ ਵਿਚ ਸ਼ਾਂਤਮਈ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਉਨ੍ਹਾਂ ਚੋਣ ਕਮਿਸ਼ਨ ਦਾ ਧੰਨਵਾਦ ਵੀ ਕੀਤਾ।ਜਾਖੜ ਨੇ ਵੀ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਜਿੱਤ ਕਾਂਗਰਸ ਦੀ ਜਿੱਤ ਨਹੀਂ ਬਲਕਿ ਲੋਕਤੰਤਰ ਦੀ ਜਿੱਤ ਹੈ। ਉਨ੍ਹਾਂ ਨੇ ਅਕਾਲੀ ਦਲ ਵੱਲੋਂ ਲਗਾਏ ਜਾਂਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਆਪਣੀ ਹਾਰ ਸਪੱਸ਼ਟ ਨਜ਼ਰ ਆ ਰਹੀ ਸੀ, ਜਿਸ ਕਰਕੇ ਉਹ ਕਾਂਗਰਸ ‘ਤੇ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਗਾ ਰਿਹਾ ਹੈ, ਜਦੋਂ ਕਿ ਪੰਜਾਬ ਦੀ ਜਨਤਾ ਨੇ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇ ਕੇ ਸਥਿਤੀ ਸਾਫ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਜਾਂਦਾ ਹੈ, ਜਿਨ੍ਹਾਂ ਦੀ ਸੁਯੋਗ ਅਗਵਾਈ ਵਿਚ ਇਹ ਜਿੱਤ ਹਾਸਲ ਹੋ ਸਕੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares