15 ਜੁਲਾਈ, 2018 ਸ਼ਹੀਦੀ ਦਿਹਾੜਾ ਬੱਬਰ ਅਕਾਲੀ ਰਤਨ ਸਿੰਘ ਰੱਕੜ ਜੀ

ਪੰਜਾਬ ਅਤੇ ਪੰਜਾਬੀਅਤ

ਆਪ ਦਾ ਜਨਮ ਸੰਨ 1889 ਵਿੱਚ ਪਿੰਡ ਰੱਕੜਾਂ ਬੇਟ ਥਾਣਾ ਬਲਾਚੌਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨੰਬਰਦਾਰ ਸ. ਜਵਾਹਰ ਸਿੰਘ ਦੇ ਘਰ ਮਾਤਾ ਗੋਖੀ ਦੀ ਕੁੱਖੋਂ ਹੋਇਆ। ਆਪ ਬਚਪਨ ਤੋਂ ਹੀ ਪੂਰਨ ਗੁਰਸਿੱਖ, ਅਣਖੀਲੇ ਅਤੇ ਵਿਦੇਸ਼ੀ ਹਕੂਮਤ ਦੇ ਵਿਰੋਧੀ ਸਨ। ਆਪ ਫੌਜ ਵਿੱਚ ਭਰਤੀ ਹੋ ਗਏ ਅਤੇ ਉਥੋਂ ਕੁਝ ਹਥਿਆਰ ਉਡਾ ਲਿਆਂਦੇ। ਆਪ ਹਥਿਆਰਾਂ ਸਮੇਤ ਹੀ ਫੜ੍ਹੇ ਗਏ ਅਤੇ ਤਿੰਨ ਸਾਲ ਦੀ ਸਜ਼ਾ ਹੋ ਗਈ।

ਰਿਹਾਅ ਹੋਣ ਪਿੱਛੋਂ 1930 ਦੇ ਅੰਤ ਵਿੱਚ ਆਪ ਨੇ ਅੰਤਿਮ ਬਗਾਵਤੀ ਕਦਮ ਚੁੱਕਿਆ, ਤਿੰਨ ਥਾਣਿਆਂ, ਬਲਾਚੌਰ, ਗੜ੍ਹਸ਼ੰਕਰ ਅਤੇ ਮਾਹਲਪੁਰ ਨੂੰ ਇੱਕ ਹੀ ਸਮੇਂ ਬੰਬਾਂ ਨਾਲ ਉਡਾ ਦੇਣ ਦੇ ਇਸ਼ਤਿਹਾਰ ਕੱਢੇ ਅਤੇ ਥਾਂ-ਥਾਂ ਲਾ ਦਿੱਤੇ।

ਇਸ ਦੇ ਵਿਰੋਧ ਵਿੱਚ ਸਰਕਾਰ ਅੰਗਰੇਜ਼ੀ ਵਲੋਂ ਇਸ਼ਤਿਹਾਰ ਜਾਰੀ ਹੋ ਗਏ ਕਿ ਜੋ ਬੱਬਰ ਰਤਨ ਸਿੰਘ ਰੱਕੜ ਨੂੰ ਗ੍ਰਿਫਤਾਰ ਕਰਵਾਏਗਾ, ਉਸ ਨੂੰ ਇੱਕ ਮੁਰੱਬਾ ਜ਼ਮੀਨ, ਚਾਰ ਹਜ਼ਾਰ ਰੁਪਏ ਨਕਦ ਅਤੇ ਸਰਕਾਰੀ ਨੌਕਰੀ ਵਿੱਚ ਵੱਡਾ ਰੁਤਬਾ ਦਿੱਤਾ ਜਾਵੇਗਾ।
ਬੱਬਰ ਰਤਨ ਸਿੰਘ ਦੀਆਂ ਦੇਸ਼ ਪਿਆਰ ਦੀਆਂ ਕਾਰਵਾਈਆਂ ਬਾਰੇ ਸਰਕਾਰੀ ਪਿੱਠੂਆਂ ਨੇ ਵਧ ਚੜ੍ਹ ਕੇ ਇਉਂ ਮੁਖਬਰੀਆਂ ਕੀਤੀਆਂ – ”ਕੰਡੀ ਦੇ ਇਲਾਕੇ ਵਿੱਚ ਬੱਬਰ ਰਤਨ ਸਿੰਘ ਦਾ ਰਾਜ ਹੈ। ਲੋਕੀਂ ਉਹਦੇ ਪ੍ਰਚਾਰ ਨਾਲ ਅੰਨ੍ਹੇਵਾਹ ਟੁੰਬੇ ਗਏ ਹਨ। ਕੋਈ ਵੀ ਪੁਲਿਸ ਜਾਂ ਸਰਕਾਰੀ ਅਮਲੇ ਨੂੰ ਬੱਬਰ ਵਿਰੁੱਧ ਖਬਰ ਜਾਂ ਸਹਾਇਤਾ ਦੇਣ ਲਈ ਅੱਗੇ ਨਹੀਂ ਆਉਂਦਾ। ਉਹ ਏਨਾ ਹਰਮਨ ਪਿਆਰਾ ਹੋ ਚੁੱਕਾ ਹੈ ਕਿ ਸਿੱਖ, ਹਿੰਦੂ ਅਤੇ ਮੁਸਲਮਾਨ ਉਸ ਲਈ ਸਭ ਕੁਝ ਕਰਨ ਨੂੰ ਤਿਆਰ ਹੋਏ ਬੈਠੇ ਹਨ।”

ਪੁਲਿਸ ਬੱਬਰ ਦੇ ਮੁਕਾਬਲੇ ਲਈ ਬਿਲਕੁਲ ਨਕਾਰਾ ਹੋ ਚੁੱਕੀ ਸੀ। ਜੇ ਮੁਖਬਰ ਬੱਬਰ ਦੀ ਸੂਹ ਪੂਰਬ ਵੱਲ ਦਿੰਦੇ ਤਾਂ ਪੁਲਿਸ ਆਪਣੀ ਕਾਰਵਾਈ ਪੱਛਮ ਵੱਲ ਵਿਖਾ ਕੇ ਟਾਊਟਾਂ ਰਾਹੀਂ ਆਪਣੀ ਕਾਰਗੁਜ਼ਾਰੀ ਦੀ ਬੱਲੇ ਬੱਲੇ ਕਰਵਾ ਲੈਂਦੀ ਸੀ, ਪਰ ਅਸਲ ਵਿੱਚ ਪੁਲਿਸ ਬੱਬਰ ਨਾਲ ਸਿੱਧੀ ਟੱਕਰ ਲੈਣ ਦੀ ਹਿੰਮਤ ਨਹੀਂ ਕਰਦੀ ਸੀ। ਅਖੀਰ ਗਵਰਨਰ ਪੰਜਾਬ ਦੀ ਵਿਸ਼ੇਸ਼ ਚਿਤਾਵਨੀ ਹੇਠ ਹੋਈ ਉੱਤਮ ਅਧਿਕਾਰੀਆਂ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਬੱਬਰ ਰਤਨ ਸਿੰਘ ਨੂੰ ਖਤਮ ਕਰਨ ਵਾਸਤੇ ਹਰ ਪ੍ਰਕਾਰ ਦੀ ਸ਼ਕਤੀ ਦੀ ਵਰਤੋਂ ਕੀਤੀ ਜਾਵੇ।

ਪਿੰਡਾਂ ਅਤੇ ਕਸਬਿਆਂ ਵਿੱਚ ਜਾਲ ਵਿਛਾ ਦਿੱਤਾ ਗਿਆ। ਬਲਾਚੌਰ, ਗੜ੍ਹਸ਼ੰਕਰ, ਅਤੇ ਮਾਹਿਲਪੁਰ ਦੇ ਥਾਣਿਆਂ ਵਿੱਚ ਪੁਲਿਸ ਦੀ ਉਚੇਚੀ ਸਹਾਇਤਾ ਲਈ ਫੌਜੀ ਦਸਤੇ ਤਾਇਨਾਤ ਕੀਤੇ ਗਏ। ਕੰਢੀ ਦੇ ਇਲਾਕੇ ਵਿੱਚ ਹਥਿਆਰਬੰਦ ਪੁਲਿਸ ਦਿਨ ਰਾਤ ਗਸ਼ਤ ਕਰਨ ਲੱਗੀ। ਏਨੀ ਜ਼ਬਰਦਸਤ ਨਾਕਾਬੰਦੀ ਕੀਤੀ ਗਈ ਕਿ ਬੱਬਰ ਦਾ ਖੁੱਲ੍ਹੇ ਤੌਰ ‘ਤੇ ਹਿੱਲਣਾ ਜੁੱਲਣਾ ਵੀ ਬੰਦ ਹੋ ਗਿਆ। ਇਨਾਮਾਂ ਦੀ ਪ੍ਰਾਪਤੀ ਦੇ ਲਾਲਚ ਵਿੱਚ ਲੋਕ ਹਲਕੇ ਕੁੱਤੇ ਵਾਂਗ ਘੁੰਮਦੇ ਫਿਰਦੇ ਸਨ। ਬੱਬਰ ਦੀ ਗ੍ਰਿਫਤਾਰੀ ਲਈ ਕਮੀਨੀ ਤੋਂ ਕਮੀਨੀ ਹਰਕਤ ਕਰਨ ਨੂੰ ਵੀ ਤੱਤਪਰ ਸਨ।

ਮੀਹਾਂ ਸਿੰਘ ਕੰਗ, ਪਿੰਡ ਗੜ੍ਹੀ ਕਾਨੂੰਗੋਆਂ ਬੱਬਰ ਜੀ ਦਾ ਦੂਰੋਂ ਨੇੜਿਓਂ ਰਿਸ਼ਤੇਦਾਰ ਸੀ। ਲਾਲਚ ਨੇ ਉਹਨੂੰ ਅੰਨ੍ਹਾ ਕਰ ਦਿੱਤਾ ਸੀ।ਜ਼ੈਲਦਾਰ ਸਿਕੰਦਾਰ ਖਾਨ ਪਿੰਡ ਮਹਿਤਪੁਰ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੁੰਦਾ ਸੀ। ਉਸ ਨੇ ਡੀ. ਸੀ. ਮਿਸਟਰ ਐਨ. ਸੀ. ਬਖਲਾ ਨਾਲ ਤਾਲਮੇਲ ਕਰਕੇ ਬੱਬਰ ਰਤਨ ਸਿੰਘ ਦੀ ਗ੍ਰਿਫਤਾਰੀ ਦੀ ਵਿਉਂਤ ਬਣੀ। ਬੱਬਰ ਰਤਨ ਸਿੰਘ ਨੇ ਇਸ ਸਮੇਂ ਪਿੰਡ ਰੁੜਕੀ ਖਾਸ ਵਿੱਚ ਸ. ਗੋਂਦਾ ਸਿੰਘ ਦੇ ਵੱਡੇ ਭਰਾ ਸ. ਈਸ਼ਰ ਸਿੰਘ ਨੰਬਰਦਾਰ ਦੇ ਸੈਣੀ ਪਰਿਵਾਰ ਵਿੱਚ ਸ਼ਰਣ ਲਈ ਹੋਈ ਸੀ।

ਸ. ਗੋਂਦਾ ਸਿੰਘ ਦੀ 86 ਸਾਲਾ ਬਜ਼ੁਰਗ ਪਤਨੀ ਮਾਈ ਪ੍ਰੀਤਮ ਕੌਰ ਨੇ ਇਸ ਸਾਕੇ ਦਾ ਅੱਖੀਂ ਡਿੱਠਾ ਹਾਲ ਇਉਂ ਬਿਆਨ ਕੀਤਾ ਹੈ:-
ਦੇਸ਼ ਧ੍ਰੋਹੀ ਮੀਹਾਂ ਸਿੰਘ ਅਤੇ ਜ਼ੈਲਦਾਰ ਸਿਕੰਦਰ ਖਾਨ ਦੀ ਮੁਖਬਰੀ ਉੱਤੇ ਅਚਾਨਕ ਹੀ ਉਨ੍ਹਾਂ ਦੇ ਘਰ ਨੂੰ ਹਥਿਆਰਬੰਦ ਫੌਜੀ ਦਸਤਿਆਂ ਨੇ ਆਣ ਘੇਰਾ ਪਾਇਆ। ਬੱਬਰ ਦੀ ਦਹਿਸ਼ਤ ਨੇ ਹਮਲਾਵਰਾਂ ਨੂੰ ਪੂਰੇ ਦਸ ਘੰਟੇ ਮਕਾਨ ਉੱਤੇ ਹਮਲਾ ਕਰਨੋਂ ਰੋਕੀ ਰੱਖਿਆ। ਸਾਰਾ ਪਿੰਡ ਬੱਬਰ ਦੇ ਨਾਲ ਸੀ। ਪਿੰਡ ਦਾ ਬੱਚਾ ਬੱਚਾ ਸਰਕਾਰੀ ਪਿੱਠੂਆਂ ਨੂੰ ਨੋਚ ਨੋਚ ਕੇ ਖਾ ਜਾਣਾ ਚਾਹੁੰਦਾ ਸੀ ਪਰ ਲਾਚਾਰ ਸੀ। ਦੋ ਸੌ ਹਥਿਆਰਬੰਦ ਰਿਸਾਲੇ ਦੇ ਜਵਾਨ ਬਲਾਚੌਰ ਉੱਤਰੇ।

ਹਥਿਆਰਬੰਦ ਪੁਲਿਸ ਦੇ ਕਈ ਦਸਤੇ ਵੱਖ ਵੱਖ ਅਫਸਰਾਂ ਦੀ ਕਮਾਨ ਹੇਠ, ਬੱਸਾਂ ਰਾਹੀਂ ਅਤੇ ਘੋੜਿਆਂ ‘ਤੇ ਪਿੰਡ ਰੁੜਕੀ ਖਾਸ ਪੁੱਜੇ। ਰਿਸਾਲੇ ਦੇ ਜਵਾਨਾਂ ਨੇ ਪਿੰਡ ਨੂੰ ਬਾਹਰੋਂ ਘੇਰ ਲਿਆ। ਫੌਜੀ ਦਸਤੇ ਪਿੰਡ ਦੇ ਘਰਾਂ ਦੀਆਂ ਛੱਤਾਂ ਉੱਤੇ ਸ਼ਿਸ਼ਤਾਂ ਲੈ ਕੇ ਤੱਤਪਰ ਹੋ ਬੈਠੇ। ਕੁਝ ਫੌਜੀਆਂ ਨੇ ਹਰ ਇੱਕ ਗਲੀ ਦੇ ਰਸਤੇ ‘ਤੇ ਨਾਕਾਬੰਦੀ ਕਰ ਲਈ। ਪਿੰਡ ਦੇ ਸਾਰੇ ਲੋਕਾਂ ਨੂੰ ਛੋਟੀਆਂ ਛੋਟੀਆਂ ਟੋਲੀਆਂ ਵਿੱਚ ਬਾਹਰ ਕੱਢ ਕੇ ਕੁੱਟਮਾਰ ਕੀਤੀ ਗਈ ਤਾਂ ਕਿ ਬੱਬਰ ਦੇ ਟਿਕਾਣੇ ਦੀ ਦੱਸ ਪਾਉਣ। ਔਰਤਾਂ ਅਤੇ ਬੱਚਿਆਂ ‘ਤੇ ਵੀ ਕੁਟਾਪਾ ਚਾੜ੍ਹਿਆ ਗਿਆ।
ਸੁਪਰਡੈਂਟ ਪੁਲਿਸ ਅਬਦੁਲ ਅਹਿਮਦ ਭਾਰੀ ਪੁਲਿਸ ਨਾਲ ਗੋਂਦਾ ਸਿੰਘ ਅਤੇ ਬੀਬੀ ਪ੍ਰੀਤਮ ਕੌਰ ਦੇ ਘਰ ਪੁੱਜੇ ਤੇ ਪੁੱਛਿਆ ਕਿ ”ਬੱਬਰ ਰਤਨ ਸਿੰਘ ਕਿੱਥੇ ਹੈ?” ਜਵਾਬ ਮਿਲਿਆ ਕਿ ”ਸਾਨੂੰ ਨਹੀਂ ਪਤਾ, ਸਾਡੇ ਘਰ ਕੋਈ ਨਹੀਂ ਹੈ।”

ਬੱਬਰ ਰਤਨ ਸਿੰਘ ਸ਼ੇਰ ਵਾਂਗੂੰ ਘਰ ਵਿੱਚੋਂ ਨਿਕਲਿਆ। ਜੈਕਾਰਾ ਛੱਡਿਆ ਰਾਈਫਲ ਦਾ ਫਾਇਰ ਕਰ ਕੇ ਹੌਲਦਾਰ ਜ਼ੁੰਮੇ ਖਾਨ ਨੂੰ ਪਾਰ ਬੁਲਾਇਆ, ਜਿਹੜਾ ਆਪਣੀ ਬਹਾਦਰੀ ਦੀ ਡੀਂਗ ਮਾਰ ਕੇ ਬੱਬਰ ਨੂੰ ਜਿਊਂਦੇ ਫੜਨ ਆਇਆ ਸੀ।

ਪੱਕੀ ਰਾਈਫਲ ਦੇ ਫਾਇਰ ਨੂੰ ਸੁਣ ਕੇ ਪੁਲਿਸ ਦੇ ਹੌਂਸਲੇ ਪਸਤ ਹੋ ਗਏ। ਸ. ਗੋਂਦਾ ਸਿੰਘ ਦੇ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ। ਬੱਬਰ ਪਹਿਲਾਂ ਹੀ ਕੰਧ ਪਾੜ ਕੇ ਨਾਲ ਦੇ ਘਰ ਵਿੱਚ ਦਾਖਲ ਹੋ ਗਿਆ ਸੀ। ਪੁਲਿਸ ਅੱਗੇ ਤੋਂ ਅੱਗੇ ਇਹੀ ਕੰਮ ਕਰਦੀ ਰਹੀ ਤੇ ਬੱਬਰ ਵੀ ਕੰਧਾਂ ਪਾੜ ਪਾੜ ਕੇ ਅੱਗੇ ਲੰਘਦਾ ਗਿਆ। ਅਖੀਰ ਰਾਤ ਦੇ ਸਾਢੇ ਅੱਠ ਵਜੇ ਬੱਬਰ ਦਾ ਗੋਲੀ ਸਿੱਕਾ ਖਤਮ ਹੋ ਗਿਆ। ਉਹ ਬਚ ਕੇ ਨਿਕਲ ਜਾਣਾ ਚਾਹੁੰਦਾ ਸੀ ਪਰ ਪੈਦਲ ਫੌਜ, ਰਿਸਾਲਾ ਅਤੇ ਪੁਲਿਸ ਪਿੰਡਾਂ ਦੇ ਦੁਆਲੇ ਬੰਦੂਕਾਂ ਦੀ ਸ਼ਿਸ਼ਤ ਲਾਈ ਬੈਠੇ ਸਨ। ਕੋਈ ਚਾਰਾ ਚੱਲਦਾ ਨਾ ਵੇਖ ਕੇ ਬੱਬਰ ਰਤਨ ਸਿੰਘ ਨੇ ਆਖਰੀ ਇੱਕੋ ਇੱਕ ਬਚੀ ਗੋਲੀ ਜੈਕਾਰਾ ਛੱਡ ਕੇ ਆਪਣੇ ਉੱਤੇ ਹੀ ਦਾਗ ਦਿੱਤੀ ਅਤੇ ਅਮਰ ਸ਼ਹੀਦੀ ਪਾਈ।
ਪਹਿਲਾਂ ਸ਼ਹੀਦ ਹੋ ਚੁੱਕੇ ਬੱਬਰ ਅਕਾਲੀਆਂ ਦੀ ਮੋਤੀਆਂ ਦੀ ਮਾਲਾ ਵਿੱਚ ਪ੍ਰੋਤੇ ਗਏ। ਇਹ ਸਾਕਾ ਅੱਜ ਦੇ ਦਿਨ 15 ਜੁਲਾਈ, 1932 ਨੂੰ ਹੋਇਆ। ਡਰਦੇ ਮਾਰੇ ਪੁਲਿਸ ਨੇ ਸਸਕਾਰ ਵੀ ਚੋਰੀ ਕੀਤਾ।

*ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਯਾਦਗਾਰੀ ਟਰੱਸਟ ਰੱਕੜਾਂ ਬੇਟ ਦੇ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਖਾਲਸਾ ਹੁਸੈਨਪੁਰ ਜੀ ਅਤੇ ਬੱਬਰ ਰਤਨ ਸਿੰਘ ਰੱਕੜ ਸਾਹਿਬ ਦੇ ਪੋਤਰੇ ਮਾਸਟਰ ਜੁਝਾਰ ਸਿੰਘ ਵਲੋਂ ਬੱਬਰ ਅਕਾਲੀ ਲਹਿਰ ਦੇ ਸਿਰਮੌਰ ਆਗੂ ਤੇ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ 87ਵਾਂ ਸ਼ਹੀਦੀ ਸਮਾਗਮ 15 ਜੁਲਾਈ ਨੂੰ ਗੁਰਦੁਆਰਾ ਨਿਰਮਲ ਡੇਰਾ ਸੰਤਗੜ੍ਹ ਸੈਣੀ ਮੁਹੱਲਾ, ਬਲਾਚੌਰ ਵਿਖੇ ਮਨਾਇਆ ਜਾ ਰਿਹਾ ਹੈ।*

ਜਿਸ ਚ ਹਲਕੇ ਭਰ ਤੋਂ ਸੰਗਤਾਂ ਸਮੂਲੀਅਤ ਕਰਕੇ ਬਬਰ ਸਾਹਿਬ ਨੂੰ ਸ਼ਰਧਾ ਦੇ ਫੁਲ ਭੇਟ ਕਰਨਗੇ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares