ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਇੱਕ ਧਾਰਮਿਕ, ਰੋਮਾਂਚਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ

ਪੰਜਾਬ ਅਤੇ ਪੰਜਾਬੀਅਤ

ਨਿਊਯਾਰਕ/ ਰੋਪੜ , 13 ਜੁਲਾਈ( ਰਾਜ ਗੋਗਨਾ )—ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਇੱਕ ਧਾਰਮਿਕ, ਇਤਿਹਾਸਕ ਤੇ ਰੋਮਾਂਚਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਹੋਣ ਲਈ ਤਿਆਰ ਹੈ। ਇਸ ਬਾਰੇ ਇੱਕ ਉੱਚ ਪੱਧਰੀ ਮੀਟਿੰਗ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਹੋਈ, ਜਿਸ ਚ ਹੋਰਨਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ, ਸੈਰ ਸਪਾਟਾ, ਸੰਸਕ੍ਰਿਤੀ ਅਤੇ ਤਕਨੀਕੀ ਸਿੱਖਿਆ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ, ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਤੇ ਸੀਨੀਅਰ ਸਰਕਾਰੀ ਅਫ਼ਸਰ ਸ਼ਾਮਿਲ ਰਹੇ।

ਮੀਟਿੰਗ ਨੂੰ ਲੈ ਕੇ ਇੱਥੇ ਖ਼ੁਲਾਸਾ ਕਰਦਿਆਂ, ਮਨੀਸ਼ ਤਿਵਾੜੀ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਖਾਲਸੇ ਦੀ ਜਨਮ ਭੂਮੀ ਹੋਣ ਦਾ ਸਨਮਾਨ ਹਾਸਲ ਹੈ ਅਤੇ ਸ੍ਰੀ ਚਮਕੌਰ ਸਾਹਿਬ ਦੇ ਪਵਿੱਤਰ ਸਥਾਨ, ਜਿੱਥੇ ਦੋ ਵੱਡੇ ਸਾਹਿਬਜ਼ਾਦਿਆਂ ਨੇ ਮੁਗਲ ਫੌਜਾਂ ਦੇ ਅੱਤਿਆਚਾਰ ਖਿਲਾਫ ਆਪਣੀਆਂ ਜ਼ਿੰਦਗੀਆਂ ਦਾ ਬਲਿਦਾਨ ਦੇ ਦਿੱਤਾ ਸੀ, ਵੀ ਇਸੇ ਹਲਕੇ ਚ ਆਉਂਦਾ ਹੈ।

ਇਸ ਤੋਂ ਇਲਾਵਾ, ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਪੈਤ੍ਰਕ ਘਰ ਵੀ ਉਨ੍ਹਾਂ ਦੇ ਹੀ ਲੋਕ ਸਭਾ ਹਲਕੇ ਚ ਪੈਂਦੇ ਨਵਾਂ ਸ਼ਹਿਰ ਦੇ ਖਟਕੜ ਕਲਾਂ ਚ ਆਉਂਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਭਾਰਤ ਸਰਕਾਰ ਦੇ ਸਹਿਯੋਗ ਨਾਲ ਪਹਿਲਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਤੇ ਹੋਰਨਾਂ ਧਾਰਮਿਕ, ਇਤਿਹਾਸਕ ਸਥਾਨਾਂ ਨੂੰ ਧਾਰਮਿਕ ਸੈਰ ਸਪਾਟਾ ਕੇਂਦਰਾਂ ਵਜੋਂ ਵਿਕਸਿਤ ਕਰ ਰਹੀ ਹੈ। ਇਸੇ ਲੜੀ ਹੇਠ, ਸਰਕਟ ਬਣਾਉਣ ਦਾ ਕੰਮ ਪਹਿਲਾਂ ਤੋਂ ਸ਼ੁਰੂ ਹੋ ਚੁੱਕਾ ਹੈ। ਸ਼ੁੱਕਰਵਾਰ ਨੂੰ ਮੀਟਿੰਗ ਇਹ ਪੁਖਤਾ ਕਰਨ ਲਈ ਹੋਈ ਸੀ ਕਿ ਕੰਮ ਚ ਤੇਜ਼ੀ ਲਿਆਂਦੀ ਜਾਵੇ ਅਤੇ ਸੂਬਾ ਜਾਂ ਕੇਂਦਰ ਸਰਕਾਰਾਂ ਦੇ ਪੱਧਰ ਤੇ ਜੋ ਵੀ ਅੱਗੇ ਹੋਣਾ ਹੈ, ਉਸ ਨੂੰ ਪਹਿਲ ਦੇ ਦਾਤੇ ਪੂਰਾ ਕੀਤਾ ਜਾਵੇ।

ਤਿਵਾੜੀ ਨੇ ਕਿਹਾ ਕਿ ਧਾਰਮਿਕ ਤੇ ਇਤਿਹਾਸਕ ਸੈਰ ਸਪਾਟੇ ਤੋਂ ਇਲਾਵਾ, ਸ੍ਰੀ ਆਨੰਦਪੁਰ ਸਾਹਿਬ ਚ ਵਾਟਰ ਸਪੋਰਟਸ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਅਤੇ ਉਹ ਪਹਿਲਾਂ ਤੋਂ ਹੀ ਮਾਹਿਰਾਂ ਨਾਲ ਸਲਾਹ ਕਰਕੇ ਇਸ ਲਈ ਵਿਕਲਪ ਖੋਜ ਰਹੇ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜਲਦੀ ਹੀ ਸ੍ਰੀ ਅਨੰਦਪੁਰ ਸਾਹਿਬ ਧਾਰਮਿਕ ਤੇ ਰੋਮਾਂਚਕ ਸੈਰ ਸਪਾਟੇ ਲਈ ਲੋਕਾਂ ਦੀ ਸਭ ਤੋਂ ਪਹਿਲੀ ਪਸੰਦ ਹੋਵੇਗਾ।ਇਸ ਮੌਕੇ ਤਿਵਾੜੀ ਨੇ ਸਪੀਕਰ ਰਾਣਾ ਕੇ ਪੀ ਸਿੰਘ ਤੇ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸਰਕਾਰੀ ਅਫਸਰਾਂ ਦਾ ਵੀ ਧੰਨਵਾਦ ਪ੍ਰਗਟਾਇਆ, ਜਿਹੜੇ ਪ੍ਰਾਜੈਕਟ ਨੂੰ ਪਹਿਲ ਦੇ ਰਹੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares