ਸਿਰਫ ਇਸ ਰੇਟ ਵਿਕ ਰਹੀ ਹੈ ਮੱਕੀ,,ਮੱਕੀ ਦੀ ਖਰੀਦ ਵੇਲੇ ਵਪਾਰੀ ਕਰ ਰਹੇ ਹਨ ਕਿਸਾਨਾਂ ਦੀ ਲੁੱਟ

ਪੰਜਾਬ ਅਤੇ ਪੰਜਾਬੀਅਤ

ਕੇਂਦਰ ਸਰਕਾਰ ਨੇ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ 1425 ਰੁਪਏ ਤੋਂ ਵਧਾ ਕੇ 1700 ਰੁਪਏ ਫੀ ਕੁਇੰਟਲ ਕਰ ਦਿੱਤਾ ਹੈ ਪਰ ਇਸ ਸਮੇਂ ਕਿਸਾਨਾਂ ਸਾਹਮਣੇ ਇਹ ਵੱਡਾ ਸਵਾਲ ਹੈ ਕਿ ਇਹ ਭਾਅ ਉਨ੍ਹਾਂ ਨੂੰ ਦਊ ਕੌਣ? ਕਿਉਂਕਿ ਮੰਡੀਆਂ ‘ਚ ਫਸਲ ਦਾ ਕੋਈ ਵੀ ਖ਼ਰੀਦਦਾਰ ਨਹੀਂ ਹੈ ਤੇ ਵਪਾਰੀਆਂ ਵਲੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ |

ਅਜਿਹੇ ‘ਚ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬੀ ਸੂਬੇ ਦੀ ਕਿਸਾਨੀ ਦਾ ਹੁਣ ਮੱਕੀ ਨੇ ਲੱਕ ਤੋੜ ਦਿੱਤਾ ਹੈ | ਮੱਕੀ ਦੀ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਵਪਾਰੀਆਂ ਵਲੋਂ ਮਨ-ਮਰਜੀ ਦੇ ਭਾਅ ‘ਤੇ ਮੱਕੀ ਦੀ ਖ਼ਰੀਦ ਕੀਤੀ ਜਾ ਰਹੀ ਹੈ ਤੇ ਕਿਸਾਨ ਅੱਧੇ ਤੋਂ ਵੀ ਘੱਟ ਮੁੱਲ ‘ਤੇ ਆਪਣੀ ਫਸਲ ਵੇਚਣ ਲਈ ਮਜ਼ਬੂਰ ਹਨ |

ਬੇਸ਼ੱਕ ਕੇਂਦਰ ਸਰਕਾਰ ਨੇ ਮੱਕੀ ਦਾ ਭਾਅ ਤਾਂ ਵਧਾ ਦਿੱਤਾ ਹੈ ਪਰ ਕੋਈ ਖ਼ਰੀਦਦਾਰ ਨਾ ਹੋਣ ਕਾਰਨ ਫਸਲ ਮੰਡੀਆਂ ‘ਚ ਰੁਲਣ ਲੱਗੀ ਹੈ | ਵਪਾਰੀਆਂ ਵਲੋਂ ਮੱਕੀ ਨੂੰ ਗਿੱਲੀ ਦੱਸ ਕੇ 800 ਤੋਂ 900 ਰੁਪਏ ਫੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਜਾ ਰਹੀ ਹੈ, ਜਦਕਿ ਸੁੱਕੀ ਹੋਈ ਮੱਕੀ ਵੀ 1100 ਰੁਪਏ ਤੋਂ ਵੱਧ ਨਹੀਂ ਵਿਕ ਰਹੀ | ਇਸ ਤਰ੍ਹਾਂ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ |

ਕਿਸਾਨ ਆਗੂ ਜਗਤ ਪ੍ਰਕਾਸ਼ ਸਿੰਘ ਗਿੱਲ ਅਤੇ ਪਿ੍ਤਪਾਲ ਸਿੰਘ ਢਿੱਲੋਂ ਨੇ ਕੇਂਦਰ ਸਰਕਾਰ ਵਲੋਂ ਮੱਕੀ ਦੇ ਭਾਅ ‘ਚ ਕੀਤੇ ਗਏ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਦੱਸਦੇ ਹੋਏ ਕਿਹਾ ਕਿ ਮੱਕੀ ਦਾ ਮੁੱਲ ਤਾਂ ਸਰਕਾਰ ਵਲੋਂ 1700 ਰੁਪਏ ਕੁਇੰਟਲ ਤੈਅ ਕਰ ਦਿੱਤਾ ਗਿਆ ਪਰ ਖ਼ਰੀਦ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮੱਕੀ ਦੀ ਉੱਕਾ ਹੀ ਖ਼ਰੀਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਵਪਾਰੀਆਂ ਵਲੋਂ ਕਿਸਾਨਾਂ ਦੀ ਚਿੱਟੇ ਦਿਨ ਲੁੱਟ ਕੀਤੀ ਜਾ ਰਹੀ ਹੈ |

ਇਸ ਸਬੰਧੀ ਗੱਲ ਕਰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਮੱਕੀ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ ਕੀਤੇ ਗਏ ਵਾਧੇ ਨੂੰ ਸਿਆਸੀ ਢਕੌਸਲੇਬਾਜ਼ੀ ਦੱਸਿਆ ਅਤੇ ਕਿਹਾ ਕਿ ਕੇਂਦਰ ਨੇ ਭਾਅ ਤਾਂ ਵਧਾ ਦਿੱਤਾ ਪਰ ਖ਼ਰੀਦ ਦਾ ਕੋਈ ਪ੍ਰਬੰਧ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਸਮੇਂ ਕਿਸਾਨਾਂ ਦੀ ਬਾਂਹ ਫੜੇ ਅਤੇ ਕਣਕ ਤੇ ਝੋਨੇ ਵਾਂਗ ਹੀ ਮੱਕੀ ਦੀ ਵੀ ਖ਼ਰੀਦ ਕੀਤੀ ਜਾਵੇ |

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares