ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਮੁੱਦਿਆਂ ‘ਤੇ ਸਿਆਸਤ ਤੇਜ਼, ਪ੍ਰਦਰਸ਼ਨ ਕਰ ਰਹੇ ਸੁਖਬੀਰ ਬਾਦਲ ਨੂੰ ਚੰਡੀਗੜ੍ਹ ਪੁਲਿਸ ਨੇ ਲਿਆ ਹਿਰਾਸਤ ‘ਚ

ਪੰਜਾਬ ਅਤੇ ਪੰਜਾਬੀਅਤ

ਚੰਡੀਗੜ੍ਹ- ਸੰਕਟ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਮੁੱਦਿਆਂ ‘ਤੇ ਸਿਆਸਤ ਕੀਤੀ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਅਕਾਲੀ ਦਲ ਹੁਣ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ। ਅਕਾਲੀ ਦਲ ਨੇ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਧਾਵਾ ਬੋਲਿਆ।

ਦਰਅਸਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਤਿਹਾਸ ਦੀ ਕਿਤਾਬ ਨਾਲ ਛੇੜਛਾੜ ਮਾਮਲੇ ਸਬੰਧੀ ਚੰਡੀਗੜ੍ਹ ‘ਚ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਉ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ ਵਰਕਰਾਂ ਨੇ ਚੰਡੀਗੜ੍ਹ ਫੋਰਸ ਵੱਲੋਂ ਬੈਰੀਕੈਂਡਾਂ ਨੂੰ ਤੋੜ ਕੇ ਧੱਕਾ-ਮੁੱਕੀ ਕਰ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਸੁਖਬੀਰ ਦੇ ਨਾਲ ਹੀ ਬਾਕੀ ਆਗੂਆਂ ਨੂੰ ਵੀ ਸੈਕਟਰ-੩ ਦੇ ਥਾਣੇ ‘ਚ ਲਿਆਂਦਾ ਗਿਆ। ਅਕਾਲੀ ਦਲ ਵੱਲੋਂ ਥਾਣੇ ਅੰਦਰ ਵੀ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਕਾਂਗਰਸ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਅਕਾਲੀ ਦਲ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਜਲਦ ਤੋਂ ਜਲਦ ਸਿੱਖ ਕੌਮ ਤੋਂ ਮੁਆਫੀ ਮੰਗਣ ਤੇ ਇਸ ਗੁਨਾਹ ਪਿੱਛੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਡਾ. ਦਲਜੀਤ ਚੀਮਾ, ਸਕੰਦਰ ਮਲੂਕਾ, ਜਗੀਰ ਕੌਰ ਸਮੇਤ ਕਈ ਸੀਨੀਅਰ ਅਕਾਲੀ ਮੌਜੂਦ ਸਨ।

ਦਰਅਸਲ ਅਕਾਲੀ ਦਲ ਨੇ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਰੱਖੀ ਸੀ। ਅਚਾਨਕ ਪ੍ਰੈੱਸ ਕਾਨਫਰੰਸ ਕੈਂਸਲ ਕਰਕੇ ਐਮਐਲਏ ਹੋਸਟਲ ਪੰਜਾਬ ਤੋਂ ਮਾਰਚ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤਕ ਰੋਸ ਮਾਰਚ ਕੀਤਾ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖ ਮਰਿਆਦਾ ਨਾਲ ਖਿਲਵਾੜ ਕੀਤਾ ਹੈ। ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਗਲਤ ਛਾਪਣ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਫੀ ਮੰਗਣੀ ਚਾਹੀਦੀ ਹੈ। ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਉਂਝ ਪੰਜਾਬ ਸਰਕਾਰ ਨੇ ਇਸ ਕਿਤਾਬ ਨੂੰ ਵਾਪਸ ਲੈ ਕੇ ਮਾਮਲਾ ਸੁਲਝਾ ਲਿਆ ਹੈ ਪਰ ਅਕਾਲੀ ਦਲ ਇਸ ਨੂੰ ਵੀ ਸਿਆਸਤ ਦਾ ਚੰਗਾ ਮੌਕਾ ਮੰਨ ਰਿਹਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares