ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਸਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ

ਪੰਜਾਬ ਅਤੇ ਪੰਜਾਬੀਅਤ

ਬਟਾਲਾ/ਗੁਰਦਾਸਪੁਰ : ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਲਵਲ ਨੂੰ ਧਮਕਾਉਣ, ਬਦਸਲੂਕੀ ਕਰਨ, ਉਨ੍ਹਾਂ ਦੀ ਇੱਜ਼ਤ ਤੇ ਵਕਾਰ ਖਰਾਬ ਕਰਨ ਅਤੇ ਉਨ੍ਹਾਂ ਦੀ ਡਿਊਟੀ ‘ਚ ਵਿਘਨ ਪਾਉਣ ਨੂੰ ਲੈ ਕੇ ਬਟਾਲਾ ਪੁਲਿਸ ਨੇ ਐਤਵਾਰ ਨੂੰ ਆਤਮ ਨਗਰ (ਲੁਧਿਆਣਾ) ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਸ ਦੇ ਸਾਥੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਐੱਸਡੀਐੱਮ ਬਟਾਲਾ ਬਲਬੀਰ ਰਾਜ ਸਿੰਘ ਦੇ ਬਿਆਨਾਂ ਉੱਪਰ ਇਹ ਮਾਮਲਾ ਦਰਜ ਹੋਇਆ ਹੈ। ਸਿਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਪਾਰਟੀ ਲੁਧਿਆਣਾ ਰਵਾਨਾ ਹੋ ਗਈ ਹੈ।
5 ਸਤੰਬਰ ਨੂੰ ਬਾਅਦ ਦੁਪਹਿਰ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ, ਅਣ-ਸ਼ਨਾਖਤੀ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਸ਼ਨਾਖਤ ਕਰਨ ਸਬੰਧੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਉੱੱਚ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਸੀ ਜਿਸ ਵਿਚ ਐੱਸਐੱਸਪੀ ਬਟਾਲਾ ਓਪਿੰਦਰਜੀਤ ਸਿੰਘ ਘੁੰਮਣ, ਏਡੀਸੀ (ਜਨਰਲ) ਗੁਰਦਾਸਪੁਰ ਤਜਿੰਦਰਪਾਲ ਸਿੰਘ ਸੰਧੂ, ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ, ਐੱਸਐੱਮਓ ਬਟਾਲਾ ਡਾ. ਸੰਜੀਵ ਭੱਲਾ, ਡੀਐੱਸਪੀ ਸਿਟੀ ਬਟਾਲਾ ਬਾਲ ਕ੍ਰਿਸ਼ਨ ਸਿੰਗਲਾ, ਨਾਇਬ ਤਹਿਸੀਲਦਾਰ ਕਾਦੀਆਂ ਅਮਰਜੀਤ ਸਿੰਘ ਤੇ ਹੋਰ ਅਧਿਕਾਰੀ ਮੀਟਿੰਗ ਕਰ ਰਹੇ ਸਨ ਕਿ ਆਤਮ ਨਗਰ (ਲੁਧਿਆਣਾ) ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ 20 ਸਾਥੀਆਂ ਸਮੇਤ ਐੱਸਐੱਮਓ ਦਫ਼ਤਰ ‘ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਡਿਊਟੀ ਨਿਭਾਉਣ ਦੇਣ ਅਤੇ ਬੇਲੋੜਾ ਵਿਘਨ ਨਾ ਪਾਉਣ ਦੀ ਬੇਨਤੀ ਕੀਤੀ ਪਰ ਬੈਂਸ ਨੇ ਡੀਸੀ ਨੂੰ ਧਮਕੀ ਭਰੇ ਲਹਿਜ਼ੇ ‘ਚ ਸੰਬੋਧਨ ਕੀਤਾ। ਸਿਮਰਜੀਤ ਸਿੰਘ ਬੈਂਸ ਨਾਲ ਆਏ ਸਾਥੀਆਂ ਨੇ ਮੋਬਾਇਲ ਫੋਨ ‘ਚ ਵੀਡੀਓ ਬਣਾ ਕੇ ਕੈਦ ਕਰ ਲਿਆ ਅਤੇ ਬਾਅਦ ‘ਚ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਵੀਡੀਓ ਕਲਿੱਪਸ ਨੂੰ ਐਡਿਟ ਕਰ ਕੇ ਵਾਇਰਲ ਕਰ ਦਿੱਤਾ, ਜਿਸ ਨਾਲ ਡਿਪਟੀ ਕਮਿਸ਼ਨਰ ਦੀ ਸਾਖ ਨੂੰ ਧੱਕਾ ਲੱਗਾ ਹੈ।
ਐੱਸਡੀਐੱਮ ਬਟਾਲਾ ਬਲਬੀਰ ਰਾਜ ਸਿੰਘ ਨੇ ਪੁਲਿਸ ਕੋਲ ਕੀਤੀ ਉਪਰੋਕਤ ਸ਼ਿਕਾਇਤ ‘ਚ ਕਿਹਾ ਹੈ ਕਿ ਡੀਸੀ ਗੁਰਦਾਸਪੁਰ ਵਿਪੁਲ ਉਲਵਲ ਨੂੰ ਧਮਕਾਉਣ, ਬਦਸਲੂਕੀ ਕਰਨ, ਉਨ੍ਹਾਂ ਦੇ ਇੱਜ਼ਤ ਤੇ ਵਕਾਰ ਨੂੰ ਖਰਾਬ ਕਰਨ ਅਤੇ ਉਨ੍ਹਾਂ ਦੀ ਡਿਊਟੀ ‘ਚ ਵਿਘਨ ਪਾਉਣ ਨੂੰ ਲੈ ਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਸਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਸਿਟੀ ਬਟਾਲਾ ਪੁਲਿਸ ਵਲੋਂ ਅੱਜ ਆਤਮ ਨਗਰ (ਲੁਧਿਆਣਾ) ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares