ਲੋਕ ਕਲਾ..ਵਾਹ ਕਿਆ ਗੱਲਬਾਤ ਆ .. ਇਸ ਬੱਚੀ ਦਾ Talent ਦੇਖ ਕੇ ਤੁਹਾਡੇ ਹੋਸ਼ ਉਡ ਜਾਣਗੇ ..

ਪੰਜਾਬ ਅਤੇ ਪੰਜਾਬੀਅਤ

ਲੋਕ ਕਲਾ ਦਾ ਜਨਮ ਕਦੋਂ ਹੋਇਆ, ਇਸ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਕੁਦਰਤ ਤੇ ਮਨੁੱਖੀ ਜੀਵਨ ਦੇ ਸ਼ੁਰੂ ਹੋਣ ਨਾਲ ਹੀ ਇਨ੍ਹਾਂ ਦਾ ਜਨਮ ਹੋਇਆ ਹੋਵੇਗਾ ਕਿਉਂਕਿ ਭਾਸ਼ਾ ਦੇ ਵਿਕਾਸ ਤੋਂ ਪਹਿਲਾਂ ਆਦਿ ਮਨੁੱਖ ਨੇ ਆਪਣੀਆਂ ਕਲਪਨਾਵਾਂ ਜਾਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਉਦੇਸ਼ ਨਾਲ ਧਰਤੀ ‘ਤੇ ਆਪਣੀਆਂ ਉਂਗਲਾਂ ਨਾਲ ਜਿਹੜੀਆਂ ਵਿੰਗੀਆਂ-ਟੇਢੀਆਂ ਰੇਖਾਵਾਂ ਖਿੱਚੀਆਂ ਅਤੇ ਬਾਅਦ ਵਿੱਚ ਲੁਕੇ ਕਿਸੇ ਨੁਕੀਲੀ ਚੀਜ਼ ਜਾਂ ਗੇਰੂ ਵਰਗੇ ਪੱਥਰ ਨਾਲ ਗੁਫਾ ਦੀ ਕੰਧ ‘ਤੇ ਖਿੱਚੀਆਂ ਗਈਆਂ ਵਿੰਗੀਆਂ-ਟੇਢੀਆਂ ਰੇਖਾਵਾਂ ਵੀ ਪਹਿਲੀ ਆਦਮ ਕਲਾ ਸੀ ਤੇ ਉਹ ਆਦਿ ਮਾਨਵ ਪਹਿਲਾ ਆਦਮ ਕਲਾਕਾਰ। ਮਨੁੱਖ ਦੇ ਵਿਕਾਸ ਦਾ ਇਤਿਹਾਸ ਕਲਾ ਦੇ ਹੱਥੋਂ ਹੀ ਲਿਖਿਆ ਗਿਆ ਹੈ।ਆਦਿ ਮਾਨਵ ਸਭ ਤੋਂ ਪਹਿਲਾਂ ਕੁਦਰਤ ਦੀ ਗੋਦ ਵਿੱਚ ਰਿਹਾ ਅਤੇ ਉਸ ਦੇ ਅਤਿਅੰਤ ਕਲਿਆਣਕਾਰੀ ਰੂਪ ਤੋਂ ਪ੍ਰਭਾਵਤ ਹੋਇਆ। ਸੂਰਜ ਦੀ ਰੋਸ਼ਨੀ ਅਤੇ ਊਰਜਾ ਸ਼ਕਤੀ, ਜਲ ਦੀ ਜੀਵਨ ਦਾਨ ਸ਼ਕਤੀ, ਧਰਤੀ ਦੀ ਉਤਪਾਦਕਤਾ ਸ਼ਕਤੀ, ਰੁੱਖ ਬੂਟਿਆਂ ਤੋਂ ਫਲ, ਫੁੱਲ ਅਤੇ ਪੱਥਰਾਂ ਦੀ ਰਗੜ ਤੋਂ ਉਪਜੀ ਅੱਗ ਨੇ ਉਸ ਨੂੰ ਸ਼ਖਤੀ ਦਾ ਭਗਤ ਬਣਾ ਦਿੱਤਾ ਅਤੇ ਨਾਲ ਹੀ ਹੀ ਕੁਝ ਪਸ਼ੂ ਪੰਛੀ ਵੀ ਉਸ ਦੇ ਸਹਿਯੋਗੀ ਬਣੇ। ਕੁਦਰਤ ਦੇ ਇਸ ਰੂਪ ਨੂੰ ਉਸ ਦੇ ਮਨ ਨੇ ਸਵੀਕਾਰਿਆ, ਇਸੇ ਭਾਵਨਾ ਨੂੰ ਉਸ ਨੇ ਖਣਿਜ ਰੰਗਾਂ ਨਾਲ ਗੁਫਾਵਾਂ ਦੀਆਂ ਕੰਧਾਂ ‘ਤੇ ਬਣਾਇਆ। ਉਸ ਵੱਲੋਂ ਉਕਰੇ ਅਜਿਹੇ ਨਮੂਨੇ ਅੱਜ ਵੀ ਕਲਾ ਖੋਜੀਆਂ ਲਈ ਦਿਲਚਸਪੀ ਦਾ ਕਾਰਨ ਹਨ।ਪੁਰਾਤਨ ਕਾਲ ਦੀਆਂ ਗੁਫਾਵਾਂ ਅਤੇ ਚੱਟਾਨਾਂ ‘ਤੇ ਸੂਰਜ, ਚੰਦਰਮਾ, ਦਰੱਖਤ ਆਦਿ ਤੋਂ ਬਿਨਾਂ ਹਾਥੀ, ਚੀਤਾ, ਹਿਰਨ ਆਦਿ ਦਾ ਸ਼ਿਕਾਰ ਕਰਦੇ ਹੋਏ ਚਿੱਤਰ ਵੀ ਮਿਲਦੇ ਹਨ। ਪੁਰਾਤਨ ਕਾਲ ਦੀ ਆਦਮ ਕਲਾ ਜੋ ਕੰਦਰਾਵਾਂ ਤੇ ਗੁਫਾਵਾਂ ਦੀ ਦੇਣ ਹੈ, ਉਸ ਨਾਲੋਂ ਲੋਕ ਕਲਾ ਨਿਸ਼ਚਿਤ ਰੂਪ ਵਿੱਚ ਵਿਕਸਤ ਘਰਾਂ ਦੀਆਂ ਕੰਧਾਂ ਦੀ ਦੇਣ ਹੈ। ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੋਇਆ ਹੋਵੇਗਾ ਅਤੇ ਉਹ ਕੰਦਰਾਵਾਂ ਛੱਡ ਕੇ ਆਪਣੇ ਹੱਥਾਂ ਨਾਲ ਬਣਾਏ ਘਰਾਂ ਵਿੱਚ ਰਹਿਣ ਲੱਗਿਆ ਹੋਵੇਗਾ, ਉਸੇ ਤਰ੍ਹਾਂ ਹੀ ਇਸ ਕਲਾ ਦਾ ਵੀ ਵਿਕਾਸ ਹੋਇਆ ਹੋਵੇਗਾ ਅਤੇ ਇਹ ਕਲਾ ਕੰਦਰਾਵਾਂ ‘ਚੋਂ ਨਿਕਲ ਕੇ ਵਿਕਸਤ ਘਰਾਂ ਦੀਆਂ ਦੀਵਾਰਾਂ ‘ਤੇ ਆ ਗਈ। ਇਸ ਲਈ ਇਸ ਦਾ ਨਾਂ ਕੰਧ ਚਿਤਰਕਲਾ ਪਿਆ। ਕਲਾ ਕਲਿਆਣ ਦੀ ਜਨਮ ਦਾਤੀ ਹੈ। ਸਤਿਅਮ, ਸ਼ਿਵਮ ਅਤੇ ਸੁੰਦਰਮ ਦੇ ਭਾਵ ਨੂੰ ਆਪਣੇ ਵਿੱਚ ਸਮਾਉਂਦੇ ਹੋਏ ਚਿਤਰਕਲਾ ਦੀ ਜਨਮਦਾਤੀ ਲੋਕ ਕਲਾ ਸੰਪੂਰਨ ਭਾਰਤ ਵਿੱਚ ਅਤੀਤ ਤੋਂ ਵਰਤਮਾਨ ਤੱਕ ਜੀਵਨ ਸ਼ਕਤੀ ਦੇ ਰੂਪ ਵਿੱਚ ਮੌਜੂਦ ਹੈ।ਉਂਜ ਸਾਰੇ ਭਾਰਤ ਵਿੱਚ ਰੀਤੀ-ਰਿਵਾਜ, ਧਾਰਮਿਕ ਸਮਾਗਮ ਅਤੇ ਹੋਰ ਸ਼ੁਭ ਦਿਹਾੜਿਆਂ ‘ਤੇ ਚਿੱਤਰ ਬਣਾਉਣ ਦੀ ਪਰੰਪਰਾ ਰਹੀ ਹੈ। ਪੰਜਾਬ ਕਈ ਸੌ ਵਰ੍ਹੇ ਮੁਗਲ ਧਾੜਵੀਆਂ ਦੀ ਜੰਗ ਦੀ ਭੂਮੀ ਰਿਹਾ ਹੈ। ਅਜਿਹੇ ਵਿੱਚ ਕੋਮਲ ਕਾਲ ਦਾ ਵਿਕਾਸ ਬਹੁਤ ਘੱਟ ਹੁੰਦਾ ਹੈ। ਪਰ ਪੁਰਾਣੇ ਪੰਜਾਬ ਦੇ ਕਈ ਹਿੱਸੇ ਜਿਹੜੇ ਜੰਗਾਂ ਤੋਂ ਘੱਟ ਪ੍ਰਭਾਵਤ ਸਨ ਜਿਵੇਂ ਕਾਂਗੜਾ ਗੁਲੇਰ ਅਤੇ ਹੋਰ ਪਹਾੜੀ ਖੇਤਰਾਂ ਵਿੱਚ ਰਵਾਇਤੀ ਲੋਕ ਕਲਾ ਦੀ ਆਪਣੀ ਪਛਾਣ ਹੈ। ਅਜੋਕੇ ਪੰਜਾਬ ਦੇ ਮਾਲਵੇ ਖੇਤਰ ਵਿੱਚ ਲੋਕ ਕਲਾ ਦੇ ਰੂਪ-ਸਾਂਝੀ, ਮਾਈ, ਅਹੋਈ ਅਤੇ ਸਾਰੇ ਪੰਜਾਬ ਵਿੱਚ ਕੰਧਾਂ ਅਤੇ ਹਾਰਿਆਂ ਨੂੰ ਸਜਾਉਣ ਲਈ ਵੇਲ ਬੂਟੇ ਅਤੇ ਮੋਰ, ਲਿੱਪਣ ਤੋਂ ਬਾਅਦ ਰਵਾਇਤੀ ਢੰਗ ਨਾਲ ਬਣਦੇ ਰਹੇ ਹਨ। ਮਿੱਟੀ ਦੀ ਕੰਧੋਲੀ ਅਤੇ ਕੰਧੋਲੀ ਵਿੱਚ ਵੱਖੋ ਵੱਖਰੇ ਢੰਗ ਦੀਆਂ ਮੋਰੀਆਂ ਜਿੱਥੇ ਚੌਂਕੇ ਨੂੰ ਖੂਬਸੂਰਤੀ ਬਖਸ਼ਦੀਆਂ ਹਨ, ਉਥੇ ਚੌਂਕੇ ਵਿੱਚ ਤਾਜ਼ੀ ਹਵਾ ਅਤੇ ਓਹਲੇ ਬੈਠੀ ਸੁਆਣੀ ਨੂੰ ਵਿਹੜੇ ਵਿਚਲੀਆਂ ਗਤੀਵਿਧੀਆਂ ਅਤੇ ਬਾਹਰੋਂ ਆਏ ਵਿਅਕਤੀ ਦੀ ਜਾਣਕਾਰੀ ਵੀ ਕਰਵਾਉਂਦੀਅਆੰ ਹਨ। ਸ਼ਾਂਤ ਰਸ ਪ੍ਰਧਾਨ ਸੁੰਦਰਤਾ ਵਾਲੀਆਂ ਆਕ੍ਰਿਤੀਆਂ ਸਾਡੇ ਜੀਵਨ ‘ਤੇ ਵੀ ਅਜਿਹੀ ਹੀ ਅਸਰ ਪਾਉਣਗੀਆਂਜਦੋਂ ਕਿ ਮਾਰਧਾੜ ਵਾਲੀਆਂ ਫਿਲਮਾਂ ਦੇ ਨਾਇਕਾਂ ਅਤੇ ਅਧਨੰਗੀਆਂ ਨਾਇਕਾਵਾਂ ਦੀਆਂ ਸਾਡੇ ਘਰਾਂ ਵਿੱਚ ਲੱਗੀਆਂ ਤਸਵੀਰਾਂ ਅਸਿੱਧੇ ਰੂਪ ਵਿੱਚ ਸਾਡੀ ਨਵੀਂ ਪਨੀਰੀ ਨੂੰ ਵਿਗਾੜ ਰਹੀਆਂ ਹਨ। ਜਿਸ ਤਰ੍ਹਾਂ ਸਿਆਣੇ ਬਜ਼ੁਰਗ ਪਿੰਡ ਦੇ ਬਾਹਰਵਾਰ ਲੱਗੇ ਗਹਾਰਿਆਂ ਤੋਂ ਹੀ ਪਿੰਡ ਬਾਰੇ ਅਨੁਮਾਨ ਲਾ ਲੈਂਦੇ ਸਨ, ਉਸੇ ਤਰ੍ਹਾਂ ਕਿਸੇ ਘਰ ਦੇ ਵਿਹੜੇ ਤੋਂ ਹੀ ਉਸ ਘਰ ਵਿਚਲੀਆਂ ਔਰਤਾਂ ਦੇ ਸੁਹਜ ਸੁਆਦ ਅਤੇ ਸਲੀਕੇ ਦਾ ਪਤਾ ਲੱਗ ਜਾਂਦਾ ਹੈ। ਲੋਕ ਕਲਾ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਰਹੀ ਹੈ। ਅੱਜ ਮੁਟਿਆਰਾਂ ਜਿੱਥੇ ਪੜ੍ਹ ਲਿਖ ਕੇ ਵੱਖ-ਵੱਖ ਖੇਤਰਾਂ ਵਿਚ ਅੱਗੇ ਆ ਰਹੀਆਂ ਹਨ, ਉਥੇ ਲੋਕ ਕਲਾ ਦੇ ਖੇਤਰ ਵਿੱਚ ਰੁਚੀ ਘਟ ਰਹੀ ਹੈ। ਭੱਜ ਦੌੜ ਦੀ ਜ਼ਿੰਦਗੀ ਵਿੱਚ ਸਹਿਜਤਾ ਤੇ ਸੁੰਦਰਤਾ ਵੀ ਓਨੀ ਹੀ ਜ਼ਰੂਰੀ ਹੈ, ਜਿੰਨੀ ਸੰਸਾਰ ਨਾਲ ਮੁਕਾਬਲੇ ਦੀ ਦੌੜ। ਸਦੀਆਂ ਪੁਰਾਣੀ ਇਹ ਵਿਰਾਸਤੀ ਕਲਾ ਜਿਸ ਨੇ ਪੀੜ੍ਹੀ ਦਰ ਪੀੜ੍ਹੀ ਜੀਵਨ ਰੌਂਅ ਨੂੰ ਸੋਹਣਾ ਅਤੇ ਸੁਚੱਜਾ ਬਣਾਇਆ ਨੂੰ ਵਿਸਾਰ ਦੇਣਾ ਪੰਜਾਬੀ ਮੁਟਿਆਰਾਂ ਨੂੰ ਸੋਂਹਦਾ ਨਹੀਂ। ਸ਼ਹਿਰੀਕਰਨ, ਪਿੰਡਾਂ ਦੇ ਬਦਲਦੇ ਹੋਏ ਰੂਪ, ਬਿਜਲੀ ਦੀ ਚਕਾਚੌਂਧ, ਪਿੰਡਾਂ ਦੇ ਬਦਲਦੇ ਹੋਏ ਰੂਪ, ਬਿਜਲੀ ਦੀ ਚਕਾਚੌਂਧ, ਪੈਸੇ ਦੀ ਆਪਾਧਾਪੀ ਵਿੱਚ ਅੱਜ ਦੇ ਲੋਕ ਨਾ ਚਾਹੁੰਦੇ ਹੋਏ ਵੀ ਆਪਣੇ ਲੋਕ ਵਿਰਸੇ, ਲੋਕ ਕਲਾਵਾਂ ਤੋਂ ਵਿਛੜਦੇ ਜਾ ਰਹੇ ਹਨ। ਪੱਕੇ ਘਰਾਂ ਵਿੱਚ ਲੋਕ ਕਲਾਵਾਂ ਲਈ ਕੋਈ ਜਗ੍ਹਾ ਨਹੀਂ ਹੈ। ਧਰਮ ਨਾਲ ਸੰਬੰਧਤ ਰਸਮ ਕੰਧ ਦੀ ਬਜਾਏ ਚਾਰਟ ਪੇਪਰ ‘ਤੇ ਰੰਗਾਂ ਨਾਲ ਚਿੱਤਰ ਬਣਾ ਕੇ ਜਾਂ ਬਣੇ ਬਣਾਏ ਕੈਲੰਡਰ ਨਾਲ ਅਦਾ ਕਰ ਲਈ ਜਾਵੇਗੀ, ਪਰ ਆਪਣੀ ਅਸਲੀਅਤ ਤਾਂ ਹੌਲੀ ਹੌਲੀ ਉਹ ਵੀ ਗਵਾ ਦੇਣਗੇ। ਜਿਹੜਾ ਵਿਹੜਾ ਕਦੇ ਗੋਹੇ ਤੇ ਮਿੱਟੀ ਦੀ ਤਲੀ (ਪੋਚੇ) ਨਾਲ ਪਵਿੱਤਰ ਹੁੰਦਾ ਸੀ, ਅੱਜ ਸੰਗਮਰਮਰ ਜਾਂ ਚਿਪਸ ਦੇ ਫਰਸਾਂ ਵਾਲੇ ਉਸੇ ਵਿਹੜੇ ਨੂੰ ਗੋਹਾ ਅਤੇ ਮਿੱਟੀ ਗੰਦਾ ਕਰਦੇ ਸਮਝਦੇ ਹਨ। ਅਜਿਹੀ ਸਥਿਤੀ ਵਿੱਚ ਲੋਕ ਕਲਾਵਾਂ ਨੂੰ ਜਿਊਂਦਾ ਰੱਖਣਾ ਸਾਡਾ ਜ਼ਰੂਰੀ ਕਰਮ ਬਣ ਜਾਂਦਾ ਹੈ। ਜੇ ਲੋਕ ਕਲਾਵਾਂ ਨੂੰ ਸਹਿਜਤਾ ਨਾਲ ਸੰਜੋਇਆ ਸਵਾਰਿਆ ਨਹੀਂ ਗਿਆ ਤਾਂ ਇੱਕ ਦਿਨ ਮਨ ਵੀ ਸੁੰਨਾ ਅਤੇ ਵਿਰਾਨ ਹੋ ਜਾਵੇਗਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares