ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿੰਗਲਾ ਨੇ ਬਾਲਟੀਮੋਰ ਗੁਰੂਘਰ ਵਿਖੇ ਟੇਕਿਆ ਮੱਥਾ

ਪੰਜਾਬ ਅਤੇ ਪੰਜਾਬੀਅਤ

ਭਾਰਤ ਸਰਕਾਰ ਸਿੱਖਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰ ਰਹੀ ਹੈ : ਹਰਸ਼ ਵਰਧਨ ਸ਼ਰਿੰਗਲਾ

ਵਾਸ਼ਿੰਗਟਨ ਡੀ.ਸੀ 15 ਅਕਤੂਬਰ (ਰਾਜ ਗੋਗਨਾ ) – ਬੀਤੇਂ ਦਿਨ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਵਿਖੇ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿੰਗਲਾ ਨਤਮਸਤਕ ਹੋਏ। ਜਿੱਥੇ ਉਨਾ ਕੀਰਤਨ ਸਰਵਣ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਂਟ ਕੀਤਾ। ਗੁਰੂਘਰ ਦੇ ਜਨਰਲ ਸਕੱਤਰ ਡਾ. ਸੁਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹਰਸ਼ ਵਰਧਨ ਸ਼ਰਿੰਗਲਾ ਅੰਬੈਸਡਰ ਗੁਰੂਘਰ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਆਏ ਸਨ।ਉਨਾ ਦੇ ਸੁਹਿਰਦ ਉਪਰਾਲਿਆਂ ਕਰਕੇ ਸਿੱਖਾਂ ਦੀਆਂ ਕਈ ਮੰਗਾਂ ਪੂਰੀਆਂ ਹੋਈਆਂ ਹਨ। ਸਿੱਖਸ ਆਫ ਅਮਰੀਕਾ ਅਤੇ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਨਿਮਤ੍ਰਤ ਸਦਕਾ ਉਨਾ ਦਾ ਗੁਰੂਘਰ ਨਤਮਸਤਕ ਹੋਣਾ ਸਫਲ ਹੋਇਆ ਹੈ। ਜਿਸ ਲਈ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਦਾ ਖਾਸ ਯੋਗਦਾਨ ਹੈ। ਡਾ. ਗਿੱਲ ਨੇ ਗੁਰੂਘਰ ਦੇ ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ ਨੂੰ ਨਿਮੰਤ੍ਰਤ ਕੀਤਾ ਕਿ ਉਹ ਹਰਸ਼ ਵਰਧਨ ਸ਼ਰਿੰਗਲਾ ਅੰਬੈਸਡਰ ਨੂੰ ਸੰਗਤਾਂ ਦੇ ਰੂਬਰੂ ਕਰਵਾਉਣਗੇ।

ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿੱਖਾਂ ਦੀਆਂ ਮੁੱਖ ਮੰਗਾਂ ਪ੍ਰਵਾਨ ਕਰ ਲਈਆਂ ਹਨ, ਜਿਸ ਲਈ ਭਾਰਤੀ ਅੰਬੈਸੀ ਦਾ ਖਾਸ ਯੋਗਦਾਨ ਰਿਹਾ ਹੈ। ਜਿਸ ਲਈ ਅੰਬੈਸਡਰ ਸਾਹਿਬ ਆਪਣੇ ਸੰਬੋਧਨ ਵਿੱਚ ਦੱਸਣਗੇ। ਸੋ ਸ਼ੰਮੀ ਵਲੋਂ ਅੰਬੈਸਡਰ ਨੂੰ ਸੰਗਤਾ ਦੇ ਸਨਮੁਖ ਕੀਤਾ।

ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿੰਗਲਾ ਨੇ ਸੰਗਤਾਂ ਨਾਲ ਫਤਿਹ ਸਾਂਝੀ ਕਰਨ ਉਪਰੰਤ ਕਿਹਾ ਕਿ ਭਾਰਤ ਸਰਕਾਰ ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਜਿਸ ਕਰਕੇ ਸਰਕਾਰ ਨੇ ਸਿਟ ਰਾਹੀਂ 1984 ਦੇ ਕੇਸਾਂ ਨੂੰ ਖੋਲ ਦਿੱਤਾ ਹੈ, ਜਿਸ ਰਾਹੀ ਸੱਜਣ ਕੁਮਾਰ ਨੂੰ ਜੇਲ ਭੇਜਿਆ ਗਿਆ ਹੈ। ਕਮਲ ਨਾਥ ਤੇ ਜਗਦੀਸ਼ ਟਾਈਟਲਰ ਵੀ ਜਲਦੀ ਸਲਾਖਾਂ ਦੇ ਪਿੱਛੇ ਹੋਣਗੇ। ਉਨਾ ਕਿਹਾ ਕਿ ਕਾਲੀ ਸੂਚੀ ਖਤਮ ਕਰ ਦਿੱਤੀ ਗਈ ਹੈ। ਰਾਜਸੀ ਸ਼ਰਨ ਪ੍ਰਾਪਤ ਕਰਤਾ ਨੂੰ ਵੀਜ਼ੇ ਅਤੇ ਪਾਸਪੋਰਟ ਦੇਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।

550ਵਾਂ ਜਨਮ ਦਿਨ ਗੁਰਪੁਰਬ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦਾ ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਮਨਾਇਆ ਜਾ ਰਿਹਾ ਹੈ। ਕਰਤਾਰਪੁਰ ਕੋਰੀਡੋਰ ਨਿਯਮਤ ਸਮੇਂ ਤੇ ਖੋਲਿਆ ਜਾ ਰਿਹਾ ਹੈ। ਜੋਧਪੁਰ ਤੋਂ ਰਿਹਾਅ ਹੋਏ ਵਿਅਕਤੀਆਂ ਦੇ ਪ੍ਰੀਵਾਰ ਨੂੰ 5-5 ਲੱਖ ਰੁਪਏ ਦਿੱਤਾ ਗਿਆ ਹੈ। ਉਨਾ ਕਿਹਾ ਕਿ ਸਿੱਖਾਂ ਨੂੰ ਹਰ ਰਾਹਤ ਦਿੱਤੀ ਜਾ ਰਹੀ ਹੈ।ਅੰਬੈਸਡਰ ਵਲੋਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਚੇਅਰਮੈਨ ,ਸਕੱਤਰ , ਸਿੱਖਸ ਆਫ ਅਮਰੀਕਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿੰਗਲਾ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਸਿਰੋਪਾਓ, ਸਿਰੀ ਸਾਹਿਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਸਬੰਧੀ ਕਿਤਾਬ ਭੇਂਟ ਕੀਤੀ। ਇਹ ਸਨਮਾਨ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਤੇ ਗੁਰੂਘਰ ਦੇ ਪ੍ਰਬੰਧਕ ਬਲਜਿੰਦਰ ਸਿੰਘ ਸ਼ੰਮੀ ਚੇਅਰਮੈਨ, ਰਤਨ ਸਿੰਘ ਪ੍ਰਧਾਨ, ਹੈੱਡ ਗ੍ਰੰਥੀ ਸੁਰਜੀਤ ਸਿੰਘ ਵਲੋਂ ਭੇਂਟ ਕੀਤਾ ਗਿਆ। ਸਟੇਜ ਦੀ ਸੇਵਾ ਡਾ. ਸੁਰਿੰਦਰ ਸਿੰਘ ਗਿੱਲ ਹੁਰਾਂ ਨੇ ਨਿਭਾਈ।

ਅੰਬੈਸਡਰ ਨਾਲ ਆਏ ਸਟਾਫ ਜਿਨਾ ਵਿੱਚ ਅਨੁਰਾਗ ਕੁਮਾਰ, ਰਜੇਸ਼ ਸੁਭਰਨੋ, ਜਗਦੀਪ ਨਾਇਰ ਅਤੇ ਨਰੇਸ਼ ਕੁਮਾਰ ਫਸਟ ਸਕੱਤਰ ਦਾ ਖਾਸ ਕਰਕੇ ਧੰਨਵਾਦ ਕੀਤਾ। ਉਪਰੰਤ ਗੁਰੂ ਕਾ ਲੰਗਰ ਛਕਾਇਆ ਗਿਆ। ਭਵਿੱਖ ਵਿੱਚ ਮੁੜ ਆਉਣ ਲਈ ਵੀ ਬੇਨਤੀ ਕੀਤੀ ਗਈ ਤਾਂ ਜੋ ਸਮੇਂ ਸਮੇਂ ਭਾਰਤੀ ਅੰਬੈਸੀ ਅਤੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਬਾਰੇ ਸੰਗਤਾਂ ਨੂੰ ਪਤਾ ਲੱਗ ਸਕੇ।

ਇਸ ਮੌਕੇ ਕੰਵਲਜੀਤ ਸਿੰਘ ਸੋਨੀ ਪ੍ਰਧਾਨ, ਮਨਿੰਦਰ ਸਿੰਘ ਸੇਠੀ, ਗੁਰਿੰਦਰ ਸਿੰਘ ਸੇਠੀ, ਚਤਰ ਸਿੰਘ ਸੈਣੀ ਅਤੇ ਹੋਰ ਦੂਰ ਦੁਰਾਡੇ ਤੋਂ ਪਤਵੰਤਿਆਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਲਲਿਤ ਝਾਅ ਪੀ. ਟੀ. ਆਈ. ਅਤੇ ਸੁਰਮੁਖ ਸਿੰਘ ਮਾਣਕੂ ਜਸ ਪੰਜਾਬੀ, ਤੇਜਿੰਦਰ ਸਿੰਘ ਵਾਈਟ ਹਾਊਸ ਨੇ ਪੂਰੀ ਰਿਪੋਰਟ ਨੂੰ ਸਰੋਤਿਆਂ ਦੇ ਅੰਗ ਸੰਗ ਕਰਨ ਦੀ ਡਿਊਟੀ ਨਿਭਾਈ, ਜੋ ਕਿ ਕਾਬਲੇ ਤਾਰੀਫ ਸੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares