ਪ੍ਰਵਾਸੀ ਉੱਭੀ ਪਰਿਵਾਰ ਵਲੋਂ ਸਰਕਾਰੀ ਸਕੂਲ ਪਾਸਲਾ ਦੇ ਵਿਕਾਸ ਲਈ 8 ਲੱਖ ਦੀ ਸਹਾਇਤਾ
‘ਸਕੂਲ ਦੀ ਨੁਹਾਰ ਬਦਲਣ ਲਈ ਪਿਛਲੇ 3 ਸਾਲ ਤੋਂ 25 ਲੱਖ ਦੀ ਮਾਇਕ ਸਹਾਇਤਾ ਦੇ ਚੁੱਕੇ ਹਨ’
ਰੁੜਕਾ ਕਲਾਂ, 12 ਅਪ੍ਰੈਲ (ਹਰਜਿੰਦਰ ਕੌਰ ਖ਼ਾਲਸਾ)- ਪ੍ਰਵਾਸੀ ਵੀਰਾਂ ਦੀ ਵਡਮੁੱਲੀ ਸਹਾਇਤਾ ਨਾਲ ਤਰੱਕੀ ਦੇ ਰਾਹ ਤੇ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਸਲਾ ਨੂੰ ਪ੍ਰਵਾਸੀ ਉੱਭੀ ਪਰਿਵਾਰ ਵੱਲੋਂ 8 ਲੱਖ ਦੀ ਮਾਇਕ ਸਹਾਇਤਾ ਦਿੱਤੀ ਗਈ। ਜਿਸ ਲਈ ਸਕੂਲ ਸਟਾਫ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਉੱਭੀ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੈਕਚਰਾਰ ਪਰੇਮ ਲਾਲ ਔਜਲਾ ਨੇ ਦੱਸਿਆ ਕਿ ਪਿਛਲੇ 3 ਸਾਲ ਤੋਂ ਉੱਭੀ ਪਰਿਵਾਰ ਸਕੂਲ ਦੀ ਨੁਹਾਰ ਬਦਲਣ ਲਈ 25 ਲੱਖ ਦੀ ਮਾਇਕ ਸਹਾਇਤਾ ਦੇ ਚੁੱਕੇ ਹਨ, ਜਿਸ ਨਾਲ ਪੂਰੇ ਸਕੂਲ ਦਾ ਕਾਇਆ ਕਲਪ ਹੋ ਚੁੱਕਾ ਹੈ ਅਤੇ ਪਾਸਲਾ ਸਰਕਾਰੀ ਸਕੂਲ ਸਹੂਲਤਾਂ ਦੇ ਪੱਖ ਤੋਂ ਇਲਾਕੇ ਦਾ ਮੋਹਰੀ ਸਕੂਲ਼ ਬਣ ਚੁੱਕਾ ਹੈ। ਹੁਣ ਉੱਭੀ ਪਰਿਵਾਰ ਵੱਲੋਂ ਵਿਿਦਆਰਥੀਆਂ ਲਈ ਫਲੱਸ਼ਾਂ ਅਤੇ ਡੈਸਕ ਬਣਾਉਣ ਲਈ 8 ਲੱਖ ਦਾ ਚੈੱਕ ਸਕੂਲ ਨੂੰ ਦਿੱਤਾ ਗਿਆ ਹੈ। ਇਸ ਮੌਕੇ ਤੇ ਬੋਲਦਿਆਂ ਸ਼੍ਰੀਮਤੀ ਬਲਵੀਰ ਕੌਰ ਉੱਭੀ ਨੇ ਕਿਹਾ ਕਿ ਪਾਸਲਾ ਦੇ ਸਰਕਾਰੀ ਸਕੂਲ ਦੀ ਸੋਹਣੀ ਦਿੱਖ ਅਤੇ ਵਿਿਦਆਰਥੀਆਂ ਲਈ ਉਪਲਬਧ ਸਹੂਲਤਾਂ ਤੇ ਪਿੰਡ ਦੇ ਸਾਰੇ ਪ੍ਰਵਾਸੀ ਭੇਣ ਭਰਾ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਸਕੂਲ ਸਟਾਫ ਦੀ ਕਾਰਗੁਜਾਰੀ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਉਹ ਅੱਗੇ ਤੋਂ ਵੀ ਸਕੂਲ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰੇਮ ਸਿੰਘ, ਲੈਕਚਰਾਰ ਪਰੇਮ ਲਾਲ, ਕੁਲਵਿੰਦਰ ਰਾਮ ਅਤੇ ਵਿਕਟਰ ਕੁਮਾਰ ਹਾਜ਼ਰ ਸਨ।ਪ੍ਰਵਾਸੀ ਬਲਵੀਰ ਕੌਰ ਪਤਨੀ ਬਲਵੀਰ ਸਿੰਘ ਉੱਭੀ ਸਕੂਲ ਨੂੰ 8 ਲੱਖ ਦਾ ਚੈੱਕ ਦਿੰਦੇ ਹੋਏ। ਤਸਵੀਰ ਹਰਜਿੰਦਰ ਕੌਰ ਖ਼ਾਲਸਾ