ਪੀ.ਐੱਸ.ਐੱਸ.ਐੱਫ. ਦੀ 14 ਸਤੰਬਰ ਦੀ ਸੂਬਾਈ ਰੈਲੀ ਦੀਆਂ ਤਿਆਰੀਆਂ ਮੁਕੰਮਲ

ਪੰਜਾਬ ਅਤੇ ਪੰਜਾਬੀਅਤ

ਪੀ.ਐੱਸ.ਐੱਸ.ਐੱਫ. ਦੀ 14 ਸਤੰਬਰ ਦੀ ਸੂਬਾਈ ਰੈਲੀ ਦੀਆਂ ਤਿਆਰੀਆਂ ਮੁਕੰਮਲ
ਫਿਲੌਰ, 11 ਸਤੰਬਰ (ਹਰਜਿੰਦਰ ਕੌਰ ਖ਼ਾਲਸਾ)- ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ 14 ਸਤੰਬਰ ਨੂੰ ਕੀਤੀ ਜਾ ਰਹੀ ਸੂਬਾਈ ਰੈਲੀ ਦੀਆਂ ਤਿਆਰੀਆਂ ਜ਼ਿਲ੍ਹਾ ਜਲੰਧਰ ਅੰਦਰ ਮੁਕੰਮਲ ਹੋ ਚੁੱਕੀਆਂ ਹਨ। ਇਸ ਸੰਬੰਧੀ ਪੀ.ਐੱਸ.ਐੱਸ.ਐੱਫ. ਦੇ ਆਗੂਆਂ ਦੀ ਪੁਸ਼ਪਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀ.ਐੱਸ.ਐੱਸ.ਐੱਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਇਹ ਰੈਲੀ ਉਸ ਸਮੇਂ ਹੋ ਰਹੀ ਹੈ ਜਦੋਂ ਕੇਂਦਰ ਅਤੇ ਪੰਜਾਬ ਦੀ ਸਰਕਾਰ ਪ੍ਰਤੀਦਿਨ ਲੋਕ ਮਾਰੂ ਅਤੇ ਮੁਲਾਜ਼ਮ ਮਾਰੂ ਨੀਤੀਆਂ ਤੇਜ਼ੀ ਨਾਲ ਲਾਗੂ ਕਰ ਰਹੀਆਂ ਹਨ। ਪੰਜਾਬ ਦੀ ਕੈਪਟਨ ਸਰਕਾਰ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਨੂੰ ਵੀ ਹੁੰਗਾਰਾ ਨਹੀਂ ਭਰ ਰਹੀ, ਸਗੋਂ ਦਿਨ ਪ੍ਰਤੀ ਦਿਨ ਲੋਕ ਮਸਲਿਆਂ ਪ੍ਰਤੀ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। 14 ਸਤੰਬਰ ਦੀ ਜਲੰਧਰ ਦੀ ਸੂਬਾਈ ਰੈਲੀ ਕੇਂਦਰ ਅਤੇ ਰਾਜ ਦੇ ਮੁਲਾਜ਼ਮਾਂ ਨੂੰ ਇੱਕ ਚੰਗੀ ਸੇਧ ਦੇਣ ਦਾ ਕੰਮ ਵੀ ਕਰੇਗੀ। ਉਨ੍ਹਾਂ ਜ਼ਿਲ੍ਹਾ ਜਲੰਧਰ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਝੰਡੇ ਅਤੇ ਬੈਨਰਾਂ ਸਮੇਤ ਇਸ ਮਹਾਂ ਰੈਲੀ ਵਿੱਚ ਭਾਗ ਲੈਣ। ਇਸ ਮੌਕੇ ਰਜਿੰਦਰ ਕੁਮਾਰ ਸ਼ਰਮਾ ਅਤੇ ਨਿਰਮੋਲਕ ਸਿੰਘ ਹੀਰਾ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਸੂਬਾਈ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਜ਼ਿਲ੍ਹੇ ਅੰਦਰ ਵੱਖ-ਵੱਖ ਬਲਾਕਾਂ ਦੀਆਂ ਮੀਟਿੰਗਾਂ ਨਕੋਦਰ, ਫਿਲੌਰ, ਫਗਵਾੜਾ, ਆਦਮਪੁਰ ਅਤੇ ਭੋਗਪੁਰ ਕਰਕੇ ਬਲਾਕ ਪ੍ਰਧਾਨ ਅਤੇ ਸਕੱਤਰਾਂ ਨੂੰ ਇਸ ਰੈਲੀ ਦੀ ਕਾਮਯਾਬੀ ਲਈ ਜ਼ਿੰਮੇਵਾਰੀਆਂ ਦੀ ਵੰਡ ਕੀਤੀ ਜਾ ਚੁੱਕੀ ਹੈ। ਹਰ ਬਲਾਕ ਵਿੱਚੋਂ ਗੱਡੀਆਂ ਚਲਾਉਣ ਦੀ ਜ਼ਿੰਮੇਵਾਰੀ ਵੀ ਦਿੱਤੀ ਜਾ ਚੁੱਕੀ ਹੈ। ਇਸ ਰੈਲੀ ਲਈ ਪੀ.ਡਬਲਯੂ ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ, ਗੌਰਮਿੰਟ ਟੀਚਰ ਯੂਨੀਅਨ, ਮਿੱਡ ਡੇ ਮੀਲ ਵਰਕਰਜ਼ ਯੂਨੀਅਨ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਸਿਹਤ ਕਾਮੇ ਅਤੇ ਜੰਗਲਾਤ ਵਰਕਰ ਯੂਨੀਅਨ ਵੀ ਵੱਡੀ ਗਿਣਤੀ ਵਿਚ ਬੈਨਰਾਂ ਅਤੇ ਝੰਡਿਆਂ ਸਮੇਤ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈਣਗੇ। ਇਸ ਮੌਕੇ ਤਰਸੇਮ ਮਾਧੋਪੁਰੀ, ਗਣੇਸ਼ ਭਗਤ, ਜਸਵੀਰ ਸਿੰਘ ਨਗਰ, ਕੁਲਦੀਪ ਵਾਲੀਆ, ਕੁਲਦੀਪ ਸਿੰਘ ਕੌੜਾ, ਬਲਵੀਰ ਸਿੰਘ ਗੁਰਾਇਆ, ਹਰੀ ਬਿਲਾਸ, ਰਾਮ ਪਾਲ ਹਜ਼ਾਰਾ, ਅੰਗਰੇਜ਼ ਸਿੰਘ, ਗੋਬਿੰਦ, ਬਲਜੀਤ ਸਿੰਘ ਨਕੋਦਰ, ਬਾਲ ਕਿਸ਼ਨ, ਸੂਰਤੀ ਲਾਲ ਭੋਗਪੁਰ, ਬਲਜੀਤ ਸਿੰਘ ਕੁਲਾਰ, ਪਿਆਰਾ ਸਿੰਘ, ਸਵਰਨ ਸਿੰਘ ਸ਼ਾਹਕੋਟ, ਬੂਟਾ ਰਾਮ ਅਕਲਪੁਰ, ਜਸਵਿੰਦਰ ਕੋਟਲੀ, ਸੁਰਿੰਦਰ ਕੌਰ ਸਹੋਤਾ, ਅਵਤਾਰ ਕੌਰ ਬਾਸੀ, ਕੁਲਦੀਪ ਕੌਰ ਰੁੜਕਾ ਆਦਿ ਹਾਜ਼ਰ ਸਨ।

ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਯੂਨੀਅਨਾਂ ਦੇ ਆਗੂ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares