ਧੀਆਂ ਦੀ ਲੋਹੜੀ ਵਿੱਚ ਨਵ-ਜੰਮੀਆਂ ਬੱਚੀਆਂ ਦਾ ਸਨਮਾਨ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ, 14 ਜਨਵਰੀ ( ਨਰਿੰਦਰ ਪੁਰੀ ): ਸਿਹਤ ਵਿਭਾਗ ਬਠਿੰਡਾ ਵੱਲੋਂ ਜੱਚਾ-ਬੱਚਾ ਸਿਵਲ ਹਸਪਤਾਲ ਬਠਿੰਡਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਮਾਪਿਆਂ ਨਾਲ ਪੁੱਜੀਆਂ 12 ਨਵ-ਜੰਮੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਬੱਚੀਆਂ ਦੇ ਮਾਪਿਆਂ ਨੂੰ ਬੱਚੀ ਦੇ ਜਨਮ ਅਤੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਜਨਮ ਤੋਂ ਹੀ ਬੱਚੀਆਂ ਦਾ ਚੰਗੀ ਤਰਾਂ ਪਾਲਣ ਪੋਸ਼ਣ ਅਤੇ ਖ਼ੁਰਾਕ ਦਾ ਧਿਆਨ ਰੱਖਿਆ ਜਾਵੇ ਅਤੇ ਬੱਚੀਆਂ ਦੀ ਨਰੋਈ ਸਿਹਤ ਲਈ ਜ਼ਰੂਰੀ ਸੰਪੂਰਣ ਟੀਕਾਕਰਨ ਕਰਵਾਇਆ ਜਾਵੇ। ਉਨਾਂ ਕਿਹਾ ਕਿ ਘਰ ਵਿੱਚ ਲੜਕੇ ਅਤੇ ਲੜਕੀ ਨੂੰ ਬਰਾਬਰ ਸਨਮਾਨ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੜਕੀਆਂ ਦੀ ਉੱਚ ਵਿਦਿਆ ਯਕੀਨੀ ਬਣਾਈ ਜਾਵੇ ਤਾਂ ਜੋ ਨਰੋਏ ਅਤੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। 

ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਗੁਰਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਸਰਕਾਰ ਦੀ ‘ਬੇਟੀ ਬਚਾਓ-ਬੇਟੀ ਪੜਾਓ’ ਮੁਹਿੰਮ ਪਿੰਡ-ਪਿੰਡ ਤੇ ਘਰ-ਘਰ ਪਹੁੰਚਾਉਣ ਦੀ ਲੋੜ ਹੈ ਕਿਉਂ ਜੋ ਅਜੋਕੇ ਯੁੱਗ ਵਿੱਚ ਕੁੜੀਆਂ ਹਰੇਕ ਖੇਤਰ ਵਿੱਚ ਮੁੰਡਿਆਂ ਨਾਲੋਂ ਅੱਗੇ ਜਾ ਰਹੀਆਂ ਹਨ ਅਤੇ ਉੱਚੀਆਂ ਅਹੁਦੇ ਹਾਸਲ ਕਰ ਰਹੀਆਂ ਹਨ। ਸਮਾਜ ਨੂੰ ਰੂੜੀਵਾਦੀ ਸੋਚ ਤਿਆਗ ਕੇ ਕੁੜੀਆਂ ਨੂੰ ਸਤਿਕਾਰ ਦੇਣ ਅਤੇ ਸਮੇਂ ਦੇ ਹਾਣੀ ਬਣਾਉਣ ਦੀ ਅਪੀਲ ਕਰਦਿਆਂ ਉਨਾਂ ਕਿਹਾ, ”ਸਾਨੂੰ ਸਭਨਾਂ ਨੂੰ ਭਰੂਣ ਹੱਤਿਆ ਵਿਰੁੱਧ ਮੁਹਿੰਮ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।” ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਸਦਾ ਕੌਰ ਵਰਗੀਆਂ ਮਹਾਨ ਔਰਤਾਂ ਜੇ ਕਿਤੇ ਭਰੂਣ ਹੱਤਿਆ ਦਾ ਸ਼ਿਕਾਰ ਹੋ ਜਾਂਦੀਆਂ ਤਾਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਰਗੇ ਜਰਨੈਲਾਂ ਦੀ ਪ੍ਰਾਪਤੀ ਨਹੀਂ ਹੋਣੀ ਸੀ। ਉਨਾਂ ਕਿਹਾ ਕਿ ਧੀਆਂ ਦੀ ਲੋਹੜੀ ਸਮਾਜ ਨੂੰ ਇੱਕ ਚੰਗਾ ਤੇ ਨਰੋਆ ਸੁਨੇਹਾ ਹੈ। ਸੀਨੀਅਰ ਮੈਡੀਕਲ ਅਫ਼ਸਰ ਜੱਚਾ-ਬੱਚਾ ਸਿਵਲ ਹਸਪਤਾਲ ਬਠਿੰਡਾ ਡਾ. ਐਸ.ਐਸ. ਗਿੱਲ ਨੇ ਕਿਹਾ ਕਿ ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕਰਨ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਵਧੀਆ ਢੰਗ ਨਾਲ ਪਾਲਣ ਪੋਸ਼ਨ ਕਰਨ ਦੇ ਸਮਰੱਥ ਬਣਾਉਣ ਲਈ ਲੜਕੀਆਂ ਨੂੰ ਉੱਚ ਵਿਦਿਆ ਪ੍ਰਦਾਨ ਕਰਨੀ ਬਹੁਤ ਜ਼ਰੂਰੀ ਹੈ। ਇਸ ਦੌਰਾਨ ਡਾ. ਸਤੀਸ਼ ਜਿੰਦਲ, ਡਾ. ਅੰਜਲੀ, ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀ ਕੁਲਵੰਤ ਸਿੰਘ, ਸ਼੍ਰੀ ਕੇਵਲ ਕ੍ਰਿਸ਼ਨ ਸ਼ਰਮਾ, ਬੀ.ਈ.ਈ. ਸ਼੍ਰੀ ਸੰਜੀਵ ਕੁਮਾਰ ਸ਼ਰਮਾ, ਸ਼੍ਰੀ ਹਰਵਿੰਦਰ ਸਿੰਘ ਅਤੇ ਜੱਚਾ-ਬੱਚਾ ਹਸਪਤਾਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares