ਤਾਏ ਨੇ ਨਿੱਕੀ ਕੁੜੀ ਨੂੰ ਆਪਣੀ ਗਲਵਕੜੀ ਵਿਚ ਲੈ ਉਸਦਾ ਮੂੰਹ ਚੁੰਮ ਉਸ ਦਾ ਗਲਾਸ ਦੁੱਧ ਨਾਲ ਭਰ ਦਿੱਤਾ……ਜਾਣੋ ਪੂਰੀ ਖਬਰ

ਪੰਜਾਬ ਅਤੇ ਪੰਜਾਬੀਅਤ

ਸਾਂਝੇ ਘਰ ਦੀ ਹੋਈ ਤਾਜ਼ੀ ਪੱਕੀ ਵੰਡ ਵਾਲੇ ਸੰਤਾਪ ਦਾ ਝੰਬਿਆ ਉਹ ਸੁਵੇਰੇ ਉੱਠ ਪੱਗ ਬੰਨ੍ਹਣ ਹੀ ਲੱਗਾ ਸੀ ਕੇ ਪਿਓ ਦਾਦੇ ਦੇ ਵੇਲੇ ਦੇ ਸੰਭਾਲੇ ਹੋਏ ਸ਼ੀਸ਼ੇ ਉੱਤੇ ਪਈ “ਤਰੇੜ” ਦੇਖ ਉਸਦੀ ਧਾਹ ਨਿੱਕਲ ਗਈ। ਸੋਚਣ ਲੱਗਾ ਜਮੀਨ ਵੰਡੀ ਗਈ ਵੇਹੜਾ, ਡੰਗਰ, ਸੰਦ, ਟਿਊਬਵੈੱਲ, ਕੋਠੇ, ਰੁੱਖ ਅਤੇ ਇਥੋਂ ਤੱਕ ਕੇ ਸਾਂਝੇ ਘਰ ਰਾਖੀ ਕਰਦੇ ਹੱਥੀਂ ਪਾਲੇ ਕੁੱਤਿਆਂ ਤੱਕ ਦੀ ਵੰਡ ਹੋ ਗਈ ਸੀ ਤੇ ਅੱਜ ਇਹ ਸ਼ੀਸ਼ਾ ਵੀ ਹਾਇ ਓ ਮੇਰਿਆ ਰੱਬਾ ਪਤਾ ਨੀ ਕਿਹੜੀ ਭੁੱਲ ਹੋ ਗਈ ਏ ਮੈਥੋਂ।

ਸੋਚਾਂ ਦੀ ਘੁੰਮਣ ਘੇਰੀ ਵਿਚ ਪਏ ਦਾ ਧਿਆਨ ਅਚਾਨਕ ਥੱਲੇ ਵੇਹੜੇ ਵਿਚ ਕੰਧ ਮਾਰ ਰਹੇ ਮਿਸਤਰੀਆਂ ਕੋਲ ਦੀ ਨਿੱਕਾ ਗਲਾਸ ਫੜ ਤੁਰੀ ਜਾਂਦੀ ਆਪਣੀ ਤਿੰਨਾਂ ਵਰ੍ਹਿਆਂ ਦੀ ਧੀ ਵੱਲ ਚਲਾ ਗਿਆ! ਆਸ ਪਾਸ ਵਾਪਰੇ ਇਸ ਸਾਰੇ ਵਰਤਾਰੇ ਤੋਂ ਅਣਜਾਣ ਨਿੱਕੀ ਜਿਹੀ ਮੱਝ ਦੀ ਧਾਰ ਚੋ ਰਹੇ ਵੱਡੇ ਤਾਏ ਕੋਲ ਜਾ ਖਲੋਤੀ ਤੇ ਖਾਲੀ ਗਲਾਸ ਅੱਗੇ ਕਰ ਦਿੱਤਾ।

ਰੋਜ ਸੁਵੇਰੇ ਸੁਵੇਰੇ ਧਾਰਾਂ ਚੋਂਦੇ ਤਾਏ ਕੋਲੋਂ ਤਾਜੇ ਦੁੱਧ ਦਾ ਗਲਾਸ ਭਰਵਾ ਕੇ ਪੀਂਦੀ ਨਿੱਕੀ ਜਿਹੀ ਨੂੰ ਕੀ ਪਤਾ ਸੀ ਕੇ ਹੁਣ ਇਹ ਦੁੱਧ ਵੀ ਦੋ ਹਿੱਸਿਆਂ ਵਿਚ ਵੰਡਿਆ ਜਾ ਚੁੱਕਾ ਸੀ। ਇਹ ਸਾਰਾ ਕੁਝ ਵੇਖ ਉਹ ਪੱਗ ਦਾ ਲੜ ਮੂੰਹ ਵਿਚ ਦੇਈ ਖਲੋਤਾ ਚੁਬਾਰੇ ਤੇ ਹੀ ਪੱਥਰ ਬਣ ਗਿਆ।

ਫੜਕ ਫੜਕ ਵੱਜਦਾ ਦਿਲ ਉਸਨੂੰ ਖੁਦ ਨੂੰ ਸੁਣਾਈ ਦੇ ਰਿਹਾ ਸੀ।ਅੰਦਾਜੇ ਦੇ ਉਲਟ ਤਾਏ ਨੇ ਨਿੱਕੀ ਕੁੜੀ ਨੂੰ ਆਪਣੀ ਗਲਵਕੜੀ ਵਿਚ ਲੈ ਉਸਦਾ ਮੂੰਹ ਚੁੰਮ ਉਸ ਦਾ ਗਲਾਸ ਦੁੱਧ ਨਾਲ ਭਰ ਦਿੱਤਾ। ਕੁੜੀ ਵੀ ਆਪਣੇ ਤਾਏ ਦਾ ਮੂੰਹ ਚੁੰਮ ਤਾਜੇ ਦੁੱਧ ਦਾ ਗਲਾਸ ਮੂੰਹ ਨੂੰ ਲਾਈ ਵਾਪਿਸ ਹੋ ਤੁਰੀ।

ਫੇਰ ਕੀ ਦੇਖਦਾ ਕੇ ਉਸਦੀ ਵਹੁਟੀ ਅੰਦਰੋਂ ਛੇਤੀ ਨਾਲ ਨਿੱਕਲ ਕੁੜੀ ਵੱਲ ਨੂੰ ਦੌੜ ਪਈ ਸੀ। ਸੋਚਣ ਲੱਗਾ ਕੇ ਹੁਣ ਜਰੂਰ ਕੱਸ ਕੇ ਚਪੇੜ ਮਾਰੂਗੀ ਨਿਆਣੀ ਦੇ ਤੇ ਹੱਥੋਂ ਦੁੱਧ ਦਾ ਗਲਾਸ ਖੋਹ ਪਰਾਂ ਵਗਾਹ ਮਾਰੂਗੀ ਪਰ ਚੋਰ ਅੱਖ ਨਾਲ ਚੁਬਾਰੇ ਵੱਲ ਤੱਕਦੀ ਹੋਈ ਉਸਦੀ ਘਰ ਵਾਲੀ ਨੇ ਦੁੱਧ ਪੀਂਦੀ ਤੁਰੀ ਆਉਂਦੀ ਕੁੜੀ ਛੇਤੀ ਨਾਲ ਕੁੱਛੜ ਚੁੱਕ ਲਈ ਤੇ ਨਾਲ ਹੀ ਅੰਦਰ ਵੜ ਗਈ, ਸ਼ਇਦ ਸੋਚ ਰਹੀ ਸੀ ਕੇ ਕਿਤੇ ਇਹ ਸਭ ਕੁਝ ਤੇ ਚੁਬਾਰੇ ਚ ਪੱਗ ਬੰਨਦੇ ਘਰ ਵਾਲੇ ਦੀ ਨਜਰ ਹੀ ਨਾ ਪੈ ਜਾਵੇ।

ਇਹ ਸਭ ਕੁਝ ਦੇਖ ਉਸ ਦੇ ਦਿੱਲ ਤੇ ਪਿਆ ਮਣਾਂ -ਮੂੰਹੀ ਭਾਰ ਉੱਤਰ ਗਿਆ। ਸ਼ੀਸ਼ੇ ਤੇ ਹੱਥ ਰੱਖ ਇਹ ਦੇਖਣ ਲੱਗਾ ਕੇ ਤਰੇੜ ਕਿੰਨੀ ਕੁ ਡੂੰਗੀ ਹੈ। ਹੈਰਾਨ ਰਹਿ ਗਿਆ ਕੇ ਸ਼ੀਸ਼ੇ ਤੇ ਕੋਈ ਤਰੇੜ ਹੈ ਹੀ ਨਹੀਂ ਸੀ ਸਗੋਂ ਐਨ ਵਿਚਕਾਰ ਕਿਸੇ ਦਾ ਚਿਪਕਿਆ ਹੋਇਆ ਇੱਕ ਲੰਮਾ ਸਾਰਾ ਸਿਰ ਦਾ ਕਾਲਾ ਵਾਲ ਸੀ। ਲੰਮਾ ਸਾਰਾ ਸਾਹ ਲੈ ਥੱਲੇ ਬੈਠ ਗਿਆ ਅਤੇ ਮੂਹੋਂ ਬੱਸ ਇਹੋ ਗੱਲ ਨਿੱਕਲੀ ਕੇ ਸ਼ੁਕਰ ਹੈ ਤੇਰਾ ਦਾਤਿਆ, “ਅਜੇ ਵੀ ਮੇਰਾ ਬਹੁਤ ਕੁਝ ਵੰਡੇ, ਟੁੱਟੇ ਖਿੱਲਰੇ ਜਾਣ ਤੋਂ ਬਚਾ ਲਿਆ ਈ। ਹਰਪ੍ਰੀਤ ਸਿੰਘ ਜਵੰਦਾ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares