ਘਰਵਾਲੇ ਤੇ ਸਹੁਰੇ ਵੱਲੋਂ ਸਤਾਈ ਕੈਨੇਡਾ ਦੀ ਵਸਨੀਕ ਕੁੜੀ ‘ਤੇ ਹੀ ਪੁਲਿਸ ਨੇ ਕੀਤਾ ਪਰਚਾ ਦਰਜ II ਲੱਖਾ ਸਿਧਾਣਾ ਇਨਸਾਫ ਦਿਵਾਉਣ ਲਈ ਉਸ ਨਾਲ ਖੜ੍ਹੇ//punjabatepunjabiyat

ਪੰਜਾਬ ਅਤੇ ਪੰਜਾਬੀਅਤ

ਆਪਣੇ ਘਰਵਾਲੇ ਤੇ ਸਹੁਰੇ ਵੱਲੋਂ ਸਤਾਈ ਕੈਨੇਡਾ ਦੀ ਵਸਨੀਕ ਕੁੜੀ ‘ਤੇ ਪੁਲਿਸ ਨੇ ਘਰ ਵਿੱਚ ਜ਼ਬਰੀ ਦਾਖ਼ਲ ਹੋਣ ਤੇ ਭੰਨ-ਤੋੜ ਕਰਨ ਦੇ ਇਲਜ਼ਾਮਾਂ ਹੇਠ ਪਰਚਾ ਦਰਜ ਕੀਤਾ ਹੈ। ਦਰਅਸਲ, ਲੜਕੀ ਮੁਤਾਬਕ ਉਸ ਦੇ ਸਹੁਰਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ।ਉਸ ਦੇ ਸਹੁਰੇ ਉਸ ਵੱਲੋਂ ਉਨ੍ਹਾਂ ਵਿਰੁੱਧ ਕੀਤੇ ਘਰੇਲੂ ਹਿੰਸਾ ਦੇ ਕੇਸ ਨੂੰ ਕਮਜ਼ੋਰ ਕਰਨ ਹਿਤ ਦਬਾਅ ਪਾਉਣ ਲਈ ਅਜਿਹਾ ਕਰ ਰਹੇ ਹਨ। ਲੜਕੀ ਨੇ ਦੱਸਿਆ ਕਿ ਉਸ ਨੇ ਆਪਣੇ ਖਰਚੇ ਤਕਰੀਬਨ 35 ਲੱਖ ਰੁਪਏ ‘ਤੇ ਪਤੀ ਨੂੰ ਕੈਨੇਡਾ ਪੱਕਾ ਕਰਵਾਇਆ ਪਰ ਉਹ ਉਸ ਨੂੰ ਘਰ ਵਿੱਚ ਦਾਖ਼ਲ ਨਹੀਂ ਹੋਣ ਦੇ ਰਿਹਾ।

ਮਾਨਸਾ ਦੀ ਰਹਿਣ ਵਾਲੀ ਰਤਨਦੀਪ ਕੌਰ ਦਾ ਵਿਆਹ 5 ਫਰਵਰੀ 2016 ਨੂੰ ਬਠਿੰਡਾ ਦੇ ਪਿੰਡ ਕੋਠੇ ਫੂਲੇ ਵਾਲਾ ਦੇ ਰਹਿਣ ਵਾਲੇ ਨੌਜਵਾਨ ਜਗਜੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਰਤਨਦੀਪ ਨੇ ਕੈਨੇਡਾ ਜਾ ਕੇ ਆਪਣੇ ਪਤੀ ਨੂੰ ਉੱਥੇ ਬੁਲਾਉਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਪੰਜਾਬ ਬੁਲਾ ਲਿਆ। ਉਹ ਆਪਣੇ ਸਹੁਰੇ ਘਰ ਰਹਿਣ ਲੱਗੀ ਤੇ ਜਦੋਂ ਉਸ ਦੇ ਪਤੀ ਦਾ ਵੀਜ਼ਾ ਆ ਗਿਆ, ਉਹ ਕੈਨੇਡਾ ਦੇ ਐਡਮਿੰਟਨ ਸ਼ਹਿਰ ਚਲੇ ਗਏ। ਉਸ ਨੇ ਦੱਸਿਆ ਕਿ ਜਗਜੀਤ ਨੂੰ ਕੈਨੇਡਾ ਬੁਲਾਉਣ ਵਿੱਚ ਸਾਰਾ ਖਰਚਾ ਉਸ ਨੇ ਖੁਦ ਕੀਤਾ ਹੈ।

ਰਤਨਦੀਪ ਕੌਰ ਮੁਤਾਬਕ ਜਗਜੀਤ ਦੀ ਮਾਂ ਵੀ ਆਪਣੀਆਂ ਧੀਆਂ ਕੋਲ ਕੈਨੇਡਾ ਦੇ ਸਰੀ ਸ਼ਹਿਰ ਚਲੀ ਗਈ। ਉਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਜਗਜੀਤ ਤੇ ਉਸ ਦੀ ਸੱਸ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਘਰੋਂ ਵੀ ਕੱਢ ਦਿੱਤਾ। ਇਸ ਤੋਂ ਬਾਅਦ ਉਸ ਨੇ ਕੈਨੇਡਾ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਤੇ ਪੁਲਿਸ ਉਨ੍ਹਾਂ ਦੇ ਘਰ ਵੀ ਆਈ ਸੀ। ਇਸ ਤੋਂ ਬਾਅਦ ਜਗਜੀਤ ਵੀ ਆਪਣੀਆਂ ਭੈਣਾਂ ਕੋਲ ਚਲਾ ਗਿਆ।

ਰਤਨਦੀਪ ਨੇ ਦੱਸਿਆ ਕਿ ਉਸ ਨੇ ਪੰਜਾਬ ਆ ਕੇ ਆਪਣੇ ਸਹੁਰੇ ਪਰਿਵਾਰ ਵੱਲੋਂ ਕੀਤੇ ਜਾਂਦੇ ਤਸ਼ੱਦਦ ਦੀ ਸ਼ਿਕਾਇਤ ਆਪਣੇ ਪੇਕੇ ਮਾਨਸਾ ਵਿੱਚ ਕੀਤੀ। ਉਸ ਨੇ ਇਲਜ਼ਾਮ ਲਾਇਆ ਕਿ ਉਸ ਦੇ ਸਹੁਰੇ ਪਰਿਵਾਰ ਦੇ ਸਿਆਸੀ ਅਸਰ ਰਸੂਖ ਕਾਰਨ ਪੁਲਿਸ ਨੇ ਸਿਰਫ ਉਸ ਦੇ ਪਤੀ ਵਿਰੁੱਧ ਹੀ ਮਾਮਲਾ ਦਰਜ ਕੀਤਾ ਤੇ ਉਸ ਦੇ ਸਹੁਰੇ ਪਰਿਵਾਰ ਨੂੰ ਛੱਡ ਦਿੱਤਾ ਗਿਆ।

ਅੱਜ ਲੜਕੀ ਦੇ ਨਾਲ ਲੱਖਾ ਸਿਧਾਣਾ ਦੇ ਹਰਦੀਪ ਸਿੰਘ ਮਹਿਰਾਜ ਨੇ ਦੱਸਿਆ ਕਿ ਰਤਨਦੀਪ ਨੇ ਜਦੋਂ ਉਨ੍ਹਾਂ ਨੂੰ ਆਪਣੀ ਵਿਥਿਆ ਸੁਣਾਈ ਤਾਂ ਉਨ੍ਹਾਂ ਉਸ ਦੇ ਸਹੁਰੇ ਪਰਿਵਾਰ ਨਾਲ ਗੱਲਬਾਤ ਕਰਨੀ ਚਾਹੀ। ਜਦੋਂ ਗੱਲਬਾਤ ਕਰਨ ਲਈ ਸਫਲ ਨਾ ਹੋਈ ਤੇ ਉਸ ਦਾ ਸਹੁਰਾ ਪਰਿਵਾਰ ਘਰ ਨੂੰ ਜਿੰਦਾ ਲਾ ਕੇ ਬਾਹਰ ਚਲਾ ਜਾਂਦਾ। ਇਸ ਲਈ ਉਨ੍ਹਾਂ ਘਰ ਦਾ ਜਿੰਦਾ ਤੋੜ ਕੇ ਰਤਨਦੀਪ ਨੂੰ ਅੰਦਰ ਬਿਠਾਇਆ ਪਰ ਪੁਲਿਸ ਨੇ ਉਸ ਵਿਰੁੱਧ ਹੀ ਗੋਨਿਆਣਾ ਮੰਡੀ ਲਾਗਲੇ ਪਿੰਡ ਨਹੀਆਂ ਵਾਲਾ ਥਾਣੇ ਵਿੱਚ ਮਾਮਲਾ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਰਤਨਦੀਪ ਨੂੰ ਇਨਸਾਫ ਦਿਵਾਉਣ ਲਈ ਉਸ ਨਾਲ ਖੜ੍ਹੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares