ਕੈਨੇਡਾ ਪਹੁੰਚਾਉਣ ਦੀ ਬਜਾਇ ਕੀਤਾ ਮੌਤ ਹਵਾਲੇ II ਟ੍ਰੈਵਲ ਏਜੰਟ ਬਣੇ ਕਾਤਲ IIpunjabatepunjabiyat

ਪੰਜਾਬ ਅਤੇ ਪੰਜਾਬੀਅਤ

ਪੰਜਾਬ ਵਿਚ ਵਿਦੇਸ਼ ਭੇਜਣ ਦੇ ਨਾਮ ‘ਤੇ ਠੱਗਣ ਦਾ ਕਾਰੋਬਾਰ ਐਨਾ ਵੱਧ ਗਿਆ ਹੈ ਕਿ ਹੁਣ ਪੰਜਾਬ ਪੁਲਿਸ ਅਤੇ ਸਰਕਾਰ ਦੇ ਹੱਥ ਵੀ ਇਸ ਮਾਮਲੇ ‘ਚ ਖੜ੍ਹੇ ਹੋ ਗਏ ਲਗਦੇ ਹਨ। ਭਾਵੇਂ ਸਰਕਾਰ ਅਤੇ ਪੁਲਿਸ ਵਿਭਾਗ ਇਨ੍ਹਾਂ ਏਜੰਟਾਂ ਖਿਲਾਫ਼ ਸਖ਼ਤੀ ਨਾਲ ਕਾਰਵਾਈ ਕਰਨ ਦੇ ਭਰੋਸੇ ਦਿੰਦੇ ਰਹਿੰਦੇ ਹਨ ਪਰ ਇਹ ਕਾਲਾ ਕਾਰੋਬਾਰ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ।ਇਸੇ ਕੜੀ ਦੇ ਚੱਲਦਿਆਂ ਪੰਜਾਬ ਦਾ ਇਕ ਹੋਰ ਨੌਜਵਾਨ ਇਨ੍ਹਾਂ ਟ੍ਰੈਵਲ ਏਜੰਟਾਂ ਦੇ ਹੱਥੇ ਚੜ੍ਹ ਗਿਆ ਅਤੇ ਇਸ ਨੌਜਵਾਨ ਨੇ ਆਪਣੇ ਸੁਪਨੇ ਅਤੇ ਆਪਣੀ ਜਾਨ ਦੋਨੋਂ ਗਵਾ ਲਏ। ਟਾਂਡਾ ਦੇ ਇਕ ਨੌਜਵਾਨ ਨੇ ਕੈਨੇਡਾ ਜਾਣ ਲਈ ਇਕ ਟ੍ਰੈਵਲ ਏਜੰਟ ਨਾਲ ਸੰਪਰਕ ਕੀਤਾ ਸੀ ਪਰ ਨੌਜਵਾਨ ਸੁਰਿੰਦਰ ਪਾਲ ਸਿੰਘ ਨਾ ਤਾਂ ਕੈਨੇਡਾ ਪਹੁੰਚਿਆ ਅਤੇ ਨਾ ਹੀ ਮੁੜ ਵਾਪਸ ਕਦੇ ਆਪਣੇ ਪਿੰਡ ਪਰਤਿਆ।ਕੁੱਝ ਦਿਨਾਂ ਬਾਅਦ ਉਸਦੇ ਕਤਲ ਹੋਣ ਦੀ ਖਬਰ ਹੀ ਪਰਿਵਾਰ ਨੂੰ ਮਿਲੀ। ਕੈਨੇਡਾ ਜਾਣ ਦਾ ਚਾਹਵਾਨ ਪਰ ਬੰਗਲੁਰੂ ਵਿਚ ਕਤਲ ਹੋਏ ਨੌਜਵਾਨ ਸੁਰਿੰਦਰ ਪਾਲ ਸਿੰਘ ਟਾਂਡਾ ਦੇ ਪਿੰਡ ਕਲਿਆਣਪੁਰ ਦਾ ਰਹਿਣ ਵਾਲਾ ਸੀ। ਇਸ ਮਾਮਲੇ ‘ਚ ਟਾਂਡਾ ਪੁਲਿਸ ਨੇ 4 ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਏ ਹਨ। ਸੁਰਿੰਦਪਾਲ ਸਿੰਘ ਪਾਲੀ ਕਤਲ ਮਾਮਲੇ ਵਿਚ ਪੁਲਿਸ ਵਿਭਾਗ ਨੇ ਚਾਰ ਦੋਸ਼ੀਆਂ ਖਿਲਾਫ਼ ਠੱਗੀ, ਅਗਵਾ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਨੌਜਵਾਨ ਸੁਰਿੰਦਰ ਪਾਲ ਸਿੰਘ ਉਰਫ ਪਾਲੀ ਦੀ ਲਾਸ਼ 6 ਦਸੰਬਰ ਨੂੰ ਬੰਗਲੁਰੂ ਵਿਚ ਪੁਲਿਸ ਨੂੰ ਝਾੜੀਆਂ ‘ਚੋਂ ਮਿਲੀ ਸੀ।ਟਾਂਡਾ ਪੁਲਿਸ ਨੇ 15 ਜਨਵਰੀ ਨੂੰ ਪਾਲੀ ਦੇ ਗਾਇਬ ਹੋਣ ਤੋਂ ਬਾਅਦ ਉਸਦੇ ਸਾਲੇ ਗੋਬਿੰਦ ਸਿੰਘ ਪੁੱਤਰ ਦਲਜੀਤ ਸਿੰਘ ਨਿਵਾਸੀ ਲੰਮੇ (ਕਪੂਰਥਲਾ) ਦੇ ਬਿਆਨ ਦੇ ਆਧਾਰ ‘ਤੇ ਹਰਮਿੰਦਰ ਸਿੰਘ ਸ਼ੈਲੀ ਪੁੱਤਰ ਸੁਰਜੀਤ ਸਿੰਘ ਨਿਵਾਸੀ ਚੱਕ ਸ਼ਰੀਫ, ਜੇ.ਡੀ ਪਟੇਲ, ਸੰਜੀਵ ਅਤੇ ਨਰੇਸ਼ ਪਟੇਲ ਆਦਿ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਟਾਂਡਾ ਪੁਲਿਸ ਨੂੰ ਦਿੱਤੇ ਬਿਆਨ ਵਿਚ ਗੋਬਿੰਦ ਸਿੰਘ ਨੇ ਦੱਸਿਆ ਕੇ ਉਕਤ ਟ੍ਰੈਵਲ ਏਜੰਟ ਹਰਮਿੰਦਰ ਸਿੰਘ ਸ਼ੈੱਲੀ ਉਸਦੇ ਜੀਜਾ ਸੁਰਿੰਦਰ ਪਾਲ ਸਿੰਘ ਨੂੰ 3 ਦਸੰਬਰ 2017 ਨੂੰ ਕੈਨੇਡਾ ਦੀ ਫਲਾਈਟ ਕਰਵਾਉਣ ਲਈ ਘਰੋਂ ਲੈ ਗਿਆ ਅਤੇ ਉਸਨੇ ਕਿਹਾ ਕੇ ਅੰਮ੍ਰਿਤਸਰ ਤੋਂ ਮੁੰਬਈ ਫਿਰ ਬੰਗਲੌਰ ਤੋਂ ਕੈਨੇਡਾ ਫਲਾਈਟ ਕਰਵਾਉਣੀ ਹੈ।ਗੋਬਿੰਦ ਨੇ ਦੋਸ਼ ਲਗਾਇਆ ਕੇ ਉਸਦੇ ਜੀਜਾ ਨੂੰ ਸ਼ੈਲੀ ਅਤੇ ਉਸਦੇ ਸਾਥੀਆਂ ਨੇ ਕੈਨੇਡਾ ਭੇਜਣ ਦੀ ਬਜਾਏ ਬੰਗਲੌਰ ਵਿਚ ਹੀ ਅਗਵਾ ਕਰ ਲਿਆ। ਗੋਬਿੰਦ ਨੇ ਦੱਸਿਆ ਕੇ ਉਨ੍ਹਾਂ ਨੂੰ ਇਹ ਜਾਣਕਾਰੀ ਉਸ ਦੇ ਜੀਜੇ ਦੇ ਨਾਲ ਗਏ ਹੋਰ ਨੌਜਵਾਨਾਂ ਮਨੀ ਨਿਵਾਸੀ ਚੱਕ ਸ਼ਰੀਫ ਅਤੇ ਖੁਰਦਾ ਨਿਵਾਸੀ ਗੋਪੀ ਨੇ ਫੋਨ ‘ਤੇ ਦਿੱਤੀ ਜੋ ਖੁਦ ਕ੍ਰਮਵਾਰ 22 ਅਤੇ 21 ਲੱਖ ਰੁਪਏ ਗੰਨ ਪੁਆਇੰਟ ‘ਤੇ ਦੇ ਕੇ ਛੁੱਟ ਕੇ ਆਏ ਸਨ। ਉੁਨਾਂ ਗੋਬਿੰਦ ਨੂੰ ਦੱਸਿਆ ਤੁਹਾਡੇ ਲੜਕੇ ਨਾਲ ਕਿਡਨੈਪਰਾ ਨੇ ਮਾਰਕੁੱਟ ਵੀ ਕੀਤੀ ਹੈ। ਉਸਨੇ ਆਪਣੇ ਬਿਆਨ ਵਿਚ ਖਦਸ਼ਾ ਜ਼ਾਹਿਰ ਕੀਤਾ ਕਿ ਦੋਸ਼ੀਆਂ ਨੇ ਉਸਦੇ ਜੀਜੇ ਦਾ ਕੋਈ ਸਰੀਰਕ ਨੁਕਸਾਨ ਵੀ ਕੀਤਾ ਹੈ। ਉਨ੍ਹਾਂ ਦੱਸਿਆ ਕੇ ਸੁਰਿੰਦਰ ਪਾਲ ਨਾਲ ਉਨ੍ਹਾਂ ਦੀ ਆਖ਼ਿਰੀ ਵਾਰ 5 ਦਸੰਬਰ ਦੀ ਰਾਤ ਨੂੰ ਗੱਲ ਹੋਈ ਸੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares