ਇਟਲੀ ਵਿੱਚ ਭੂਚਾਲ ਪੀੜਤਾਂ  ਨਾਲ ਸਬੰਧਤ ਫਰਜ਼ੀ ਕੇਸਾਂ ਵਿੱਚ ਹਜ਼ਾਰਾਂ ਯੂਰੋ ਦੀ ਹੇਰ-ਫੇਰ

ਪੰਜਾਬ ਅਤੇ ਪੰਜਾਬੀਅਤ

*ਭੂਚਾਲ ਦੌਰਾਨ 299 ਲੋਕਾਂ ਦੀ ਮੌਤ ਤੇ 23 ਬਿਲੀਅਨ ਯੂਰੋ ਦਾ ਆਰਥਿਕ ਹੋਇਆ ਸੀ ਨੁਕਸਾਨ*ਰੋਮ ਇਟਲੀ(ਕੈਂਥ) ਸਿਆਣਿਆ ਸੱਚ ਹੀ ਕਿਹਾ ਹੈ ਕਿ ਨਾ ਈਸਾ ਪੀਰ ਨਾ ਮੂਸਾ ਪੀਰ ਸਭ ਤੋਂ ਵੱਡਾ ਪੈਸਾ ਪੀਰ ਤੇ ਇਸ ਪੈਸੇ ਲਈ ਲੋਕ ਆਪਣੇ ਖੂਨ ਦੇ ਰਿਸ਼ਤਿਆਂ ਦਾ ਖੂਨ ਕਰਨ ਕਰਨ ਲੱਗੇ ਮਿੰਟ ਨਹੀਂ ਲਗਾਉਂਦੇ ।ਪੂਰੀ ਦੁਨੀਆਂ ਵਿੱਚ ਮੌਕੇ ਦੇ ਸ਼ਾਸ਼ਕ ਤੇ ਹਾਕਮ ਜਮਾਤਾਂ ਪੈਸੇ ਖਾਤਿਰ ਤਰ੍ਹਾਂ-ਤਰ੍ਹਾਂ ਦੇ ਫਰਜ਼ੀ ਜੁਗਾੜ ਲਗਾਕੇ ਆਪਣੀਆਂ ਜੇਬਾਂ ਭਰਨ ਵਿੱਚ ਮਸ਼ਰੂਫ਼ ਹਨ।ਕੁਝ ਇਸ ਤਰ੍ਹਾਂ ਦੀ ਮਸ਼ਰੂਫ਼ੀ ਇਟਲੀ ਵਿੱਚ ਵੀ ਦੇਖਣ ਨੂੰ ਮਿਲੀ ਜਿੱਥੇ ਕਿ ਕੁਝ ਲੋਕਾਂ ਵੱਲੋਂ ਇਟਲੀ ਆਏ ਭੂਚਾਲ ਦੌਰਾਨ 100 ਤੋਂ ਵੱਧ ਫਰਜ਼ੀ ਭੂਚਾਲ ਪੀੜਤ ਕੇਸ ਬਣਾਕੇ ਕਰੀਬ 500,000 ਯੂਰੋ ਦਾ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਅਨੁਸਾਰ ਇਹ ਘਪਲਾ ਸੰਨ 2016 ਵਿੱਚ ਮੱਧ ਇਟਲੀ ਵਿੱਚ  6,0 ਦੀ ਤੀਬਰਤਾ ਨਾਲ ਆਏ ਭੂਚਾਲ ਦੇ ਪੀੜਤਾਂ ਦੇ ਨਾਮ ਉਪੱਰ ਹੋਇਆ ਹੈ।23 ਅਗਸਤ 2016 ਨੂੰ ਆਏ ਇਸ ਭੂਚਾਲ ਦੌਰਾਨ 299 ਲੋਕਾਂ ਦੀ ਮੌਤ ਹੋਈ ਤੇ ਹਜ਼ਾਰਾਂ ਲੋਕ ਘਰੋ ਬੇਘਰ ਹੋਏ ਜਦੋਂ ਕਿ 23 ਬਿਲੀਅਨ ਯੂਰੋ ਦਾ ਆਰਥਿਕ ਨੁਕਸਾਨ ਹੋਇਆ।ਮੱਧ ਇਟਲੀ ਦੇ ਜਿਸ ਇਲਾਕੇ ਨੂੰ ਭੂਚਾਲ ਕਾਰਨ ਰੈੱਡ ਅਲਾਰਟ ਏਰੀਆ ਗਿਣਿਆ ਗਿਆ ਉੱਥੇ ਐਮਰਜੈਂਸੀ ਫੰਡ ਮੁਹੱਈਆ ਕਰਵਾਉਣ ਲਈ ਇਟਲੀ ਸਰਕਾਰ ਪੱਬਾਂ ਭਾਰ ਹੋ ਤੁਰੀ ਸੀ।ਜਦੋਂ ਅਧਿਕਾਰੀਆਂ ਨੇ ਭੂਚਾਲ ਵਿੱਚ ਹੋਏ ਨੁਕਸਾਨ ਦੀ ਹੱਦ ਨੂੰ ਪੀੜਤਾ ਵੱਲੋਂ ਸਵੈ-ਤਸਦੀਕ ਕਰਨ ਦੀ ਇਜ਼ਜਾਤ ਦੇਕੇ ਮੁਆਵਜੇ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਕਰਨ ਦੀ ਕੋਸ਼ਿਸ ਕੀਤੀ ਤਾਂ ਕੁਝ ਅਪਰਾਧ ਬਿਰਤੀ ਵਾਲੇ ਲੋਕਾਂ ਨੇ ਮੌਕੇ ਦਾ ਭਰਪੂਰ ਫਾਇਦਾ ਚੁੱਕਿਆ।ਮਚਰਾਤਾ ਜ਼ਿਲ੍ਹੇ ਅੰਦਰ ਕਰੀਬ 120 ਜਾਇਦਾਦ ਮਾਲਕ ਅਜਿਹੇ ਦੱਸੇ ਜਾ ਰਹੇ ਹਨ ਜਿਹਨਾਂ ਦੇ ਖਿਲਾਫ਼ ਸ਼ਕਾਇਤ ਕਰਤਾ ਦਾ ਕਹਿਣਾ ਹੈ ਕਿ ਉਹ ਭੂਚਾਲ ਵਿੱਚ ਬੇਘਰ ਹੋ ਗਏ ਪਰ ਇਸ ਦਾ ਫਾਇਦਾ ਘਰ ਦੇ ਮਾਲਕ ਲੈਣਾ ਚਾਹੁੰਦੇ ਹਨ।ਕੁਝ ਘਰਾਂ ਦੇ ਮਾਲਕ ਤਾਂ ਭੂਚਾਲ ਸਮੇਂ ਮਚਰਾਤਾ ਵਿੱਚ ਰਹਿੰਦੇ ਵੀ ਨਹੀਂ ਸਨ ਉਹ ਇਟਲੀ ਦੇ ਹੋਰ ਇਲਾਕੇ ਜਾਂ ਇਟਲੀ ਤੋਂ ਬਾਹਰ ਪ੍ਰਾਇਮਰੀ ਰਿਹਾਇਸ਼ਾ ਵਿੱਚ ਰਹਿੰਦੇ ਸਨ।ਮਾਮਲੇ ਦੇ ਜਾਂਚਕਾਰਾਂ ਨੇ ਇਹ ਵੀ ਦੱਸਿਆ ਕਿ ਕੁਝ ਲੋਕਾਂ ਨੇ ਮੁਆਵਜਾ ਲੈਣ ਲਈ ਆਪਣੇ ਪਰਿਵਾਰਕ ਮੈਂਬਰਾਂ ਦੀ ਸੂਚੀ ਵੀ ਵਧਾਈ ਹੈ ਜਦੋਂ ਕਿ ਸਾਰਾ ਪਰਿਵਾਰ ਇੱਕਠਾ ਨਹੀਂ ਸੀ ਰਹਿੰਦਾ ਜਦਕਿ ਕਈਆਂ ਨੂੰ ਅਜਿਹਾ ਕਰਨ ਲਈ ਮਜ਼ਬੂਰ ਵੀ ਕੀਤਾ ਗਿਆ।ਜਾਣਕਾਰੀ ਤਾਂ ਇਹ ਵੀ ਮਿਲ ਰਹੀ ਹੈ ਕਿ ਮੌਕਾਪ੍ਰਸਤਾਂ ਨੇ ਸੂਬੇ ਦੁਆਰਾ ਮੁੱਹਈਆ ਕਰਵਾਈਆਂ ਸੰਕਟਕਾਲੀਨ ਰਿਹਾਇਸ਼ਾਂ ਨੂੰ ਵੀ ਕਿਰਾਏ’ਤੇ ਦਿੱਤਾ ਸੀ।ਸੰਨ 2016 ਦੇ ਭੂਚਾਲ ਪੀੜਤਾਂ ਨੂੰ 120,000 ਯੂਰੋ ਤੋਂ ਵੱਧ ਫੰਡ ਵੰਡੇ ਗਏ ਜਦੋਂ ਕਿ ਘਪਲਾ 500,000 ਯੂਰੋ ਦਾ ਹੈ।ਇਸ ਸਾਰੇ ਘਟਨਾ ਚੱਕਰ ਲਈ ਵਿਸੇਸ ਜਾਂਚ ਚੱਲ ਰਹੀ ਹੈ ਤੇ ਉਮੀਦ ਹੈ ਕਿ ਜਲਦ ਹੀ ਬਿੱਲੀ ਥੈਲਿਓ ਬਾਹਰ ਆ ਜਾਵੇਗੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares