ਇਟਲੀ ਦੇ ਸ਼ਹਿਰ ਲੀਮੇਨਾ ‘ਚ ਲੱਗ ਰਹੇ ਨੇ ਅਜਿਹੇ ਟਰੂਕੈਮ ਕੈਮਰੇ ਜਿਹੜੇ ਕਿ ਗੱਡੀ ਚਲਾਉਂਦੇ ਸਮੇਂ ਫੋਨ ਵਰਤਨ ਵਾਲਿਆਂ ਨੂੰ ਪਾਉਣਗੇ ਨੱਥ

ਪੰਜਾਬ ਅਤੇ ਪੰਜਾਬੀਅਤ

ਦੁਨੀਆਂ ਭਰ ਵਿੱਚ ਹਰ ਸਾਲ ਫੋਨ ਦੀ ਵਰਤੋਂ ਕਾਰਨ ਹੁੰਦੇ ਹਨ 16 ਲੱਖ ਐਕਸੀਡੈਂਟ

ਰੋਮ ਇਟਲੀ (ਕੈਂਥ)ਗੱਡੀ ਚਲਾਉਂਦੇ ਹੋਏ ਮੋਬਾਇਲ ਫੋਨ ਦੀ ਵਰਤੋਂ ਕਰਨਾ ਪੂਰੀ ਦੁਨੀਆਂ ਵਿੱਚ ਕਾਨੂੰਨੀ ਅਪਰਾਧ ਹੈ ਜਿਸ ਬਾਬਤ ਇਟਲੀ ਸਰਕਾਰ ਨੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨ ਵਾਲੇ ਡਰਾਇਵਰ ਨੂੰ 1700 ਯੂਰੋ ਦਾ ਜੁਰਮਾਨਾ ਤੇ ਉਸ ਦਾ ਲਾਇਸੰਸ ਇੱਕ ਹਫ਼ਤੇ ਤੋਂ 2 ਮਹੀਨੇ ਤੱਕ ਮੁਅੱਤਲ ਕਰਨ ਦਾ ਕਾਨੂੰਨ ਲਾਗੂ ਕੀਤਾ ਹੋਇਆ ਹੈ ਪਰ ਫਿਰ ਵੀ ਕੁਝ ਲੋਕ ਅਜਿਹੇ ਹਨ ਜਿਹੜੇ ਕਿ ਪੁਲਸ ਪ੍ਰਸ਼ਾਸ਼ਨ ਤੋਂ ਅੱਖ ਬਚਾਉਂਦੇ ਹੋਏ

ਅਕਸਰ ਫੋਨ ਦੀ ਵਰਤੋਂ ਕਰ ਹੀ ਲੈਂਦੇ ਹਨ ।ਸਪੇਨ,ਨਾਰਵੇ ਅਤੇ ਇੰਗਲੈਂਡ ਤੋਂ ਵੱਧ ਇਟਲੀ ਵਿੱਚ ਸੜਕ ਹਾਦਸੇ ਹੋ ਰਹੇ ਹਨ ।ਇਟਲੀ ਵਿੱਚ ਕਈ ਅਜਿਹੇ ਸੜਕ ਹਾਦਸੇ ਹੋ ਚੁੱਕੇ ਹਨ ਜਿਹਨਾਂ ਦਾ ਕਾਰਨ ਡਰਾਇਵਰ ਵੱਲੋਂ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਸਾਹਮ੍ਹਣੇ ਆ ਚੁੱਕਾ ਹੈ ।ਇਹਨਾਂ ਹਾਦਸਿਆਂ ਵਿੱਚ ਸਭ ਤੋਂ ਵੱਡਾ ਹਾਦਸਾ ਬਲੋਨੀਆਂ ਵਿਖੇ ਮੇਨ ਹਾਈਵੇ ਉੱਤੇ ਟੈਂਕਰ ਫੱਟਣ ਕਾਰਨ ਹੋਇਆ ਹਾਦਸਾ ਹੈ।ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਰੋਕਣ ਲਈ ਇਟਲੀ ਦੇ ਸੂਬੇ ਵੇਨੇਤੋ ਦੇ ਸ਼ਹਿਰ ਲੀਮੇਨਾ(ਪਾਦੋਵਾ)ਦੀ ਲੋਕਲ ਪੁਲਸ ਵੱਲੋਂ ਕੈਮਰੇ ਵਾਲਾ ਵਿਸ਼ੇਸ ਇਲੈਕਟ੍ਰੋਨਿਕ ਉਪਕਰਣ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ

ਜਿਸ ਨੂੰ ਕਿ ਐਂਟੀ ਸੈੱਲ ਫੋਨ ਤੇ ਸਪੀਡ ਕੈਮਰੇ ਦੇ ਨਾਲ ਟਰੂਕੈਮ ਵਜੋਂ ਜਾਣਿਆਂ ਜਾਂਦਾ ਹੈ।ਇਹ ਟਰੂਕੈਮ ਇਲੈਕਟ੍ਰੋਨਿਕ ਉਪਕਰਣ ਸਿਰਫ਼ ਆਉਣ ਜਾਣ ਵਾਲੀਆਂ ਗੱਡੀਆਂ ਦੀ ਤੇਜ ਰਫ਼ਤਾਰ ਹੀ ਨਹੀਂ ਦੱਸੇਗਾ ਸਗੋਂ ਇਹ ਵੀ ਦੱਸੇਗਾ ਕਿ ਗੱਡੀ ਚਲਾਉਣ ਵਾਲਾ ਡਰਾਇਵਰ ਫੋਨ ਦੀ ਵਰਤੋਂ ਕਰ ਰਿਹਾ ਹੈ ਜਾਂ ਨਹੀਂ ਤੇ ਨਾਲ ਹੀ ਇਹ ਵੀ ਦੱਸੇਗਾ ਕਿ ਡਰਾਇਵਰ ਨੇ ਸੀਟ ਬੈਲਟ ਲਗਾਈ ਜਾ ਨਹੀਂ।ਇਸ ਨਾਲ ਗੱਡੀ ਦੇ ਅੰਦਰ ਬੈਠੇ ਲੋਕਾਂ ਦੀਆਂ ਕਾਰਵਾਈਆਂ ਨੂੰ ਵੀ ਦੇਖਿਆ ਜਾ ਸਕਦਾ ਹੈ।ਇਟਲੀ ਦਾ ਲੀਮੇਨਾ ਸ਼ਹਿਰ ਪਹਿਲਾਂ ਅਜਿਹਾ ਸ਼ਹਿਰ ਹੋਵੇਗਾ ਜਿੱਥੇ ਕਿ ਅਜਿਹੇ ਕੈਮਰੇ ਵਾਲੇ ਟਰੂਕੈਮ ਇਲੈਕਟ੍ਰੋਨਿਕ ਉਪਕਰਣ ਦੀ ਵਰਤੋਂ ਹੋਣ ਜਾ ਰਹੀ ਹੈ ਤਾਂ ਜੋ ਸ਼ਹਿਰ ਵਿੱਚ ਗੱਡੀ ਚਲਾਉਂਦੇ ਸਮੇਂ ਡਰਾਇਵਰਾਂ ਵੱਲੋਂ ਕੀਤੇ ਜਾ ਰਹੇ ਫੋਨਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ।

ਇਹਨਾਂ ਟਰੂਕੈਮ ਇਲੈਕਟ੍ਰੋਨਿਕ ਉਪਕਰਣ ਦੀ ਕੀਮਤ 19.837 ਯੂਰੋ ਦੱਸੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਨੈਸ਼ਨਲ ਸੇਫ਼ਟੀ ਕੌਂਸਲ ਦੀ ਰਿਪੋਰਟ ਅਨੁਸਾਰ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨ ਨਾਲ ਹਰ ਸਾਲ 16 ਲੱਖ ਐਕਸੀਡੈਂਟ ਹੁੰਦੇ ਹਨ ਜਿਹਨਾਂ ਵਿੱਚ 390 ਹਜ਼ਾਰ ਲੋਕ ਗੰਭੀਰ ਜਖ਼ਮੀ ਹੁੰਦੇ ਹਨ।ਅਮਰੀਕਾ ਵਿੱਚ ਹੋਏ 4 ਐਕਸੀਡੈਂਟਾਂ ਵਿੱਚ 1 ਐਕਸੀਡੈਂਟ ਦਾ ਕਾਰਨ ਫੋਨ ਦੀ ਵਰਤੋਂ ਕਰਨਾ ਹੈ।ਦੁਨੀਆਂ ਭਰ ਵਿੱਚ ਹਰ ਰੋਜ਼ 3287 ਮੌਤਾਂ ਐਕਸੀਡੈਂਟਾਂ ਕਾਰਨ ਹੁੰਦੀਆਂ ਹਨ ਜਿਹਨਾਂ ਵਿੱਚੋਂ 9 ਮੌਤਾਂ ਦਾ ਕਾਰਨ ਡਰਾਇਵਰ ਵੱਲੋਂ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਹੁੰਦਾ ਹੈ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares