ਆਉਣ ਵਾਲੀ 7 ਨਵੰਬਰ ਨੂੰ ਦਸਤਕ ਦੇਣ ਲਈ ਆਣ ਖਲੋਤਾ ਤਾਰਿਆਂ ਦੀ ਨਿੰਮੀ-ਨਿੰਮੀ ਲੋਅ ਵਾਂਗ ਟਿਮ-ਟਿਮਾਉਂਦੀ ਦੀਵਾਲੀ ਦਾ ਤਿਉਹਾਰ

ਪੰਜਾਬ ਅਤੇ ਪੰਜਾਬੀਅਤ

ਆਉਣ ਵਾਲੀ 7 ਨਵੰਬਰ  ਨੂੰ ਦਸਤਕ ਦੇਣ ਲਈ ਆਣ ਖਲੋਤਾ ਤਾਰਿਆਂ ਦੀ ਨਿੰਮੀ-ਨਿੰਮੀ ਲੋਅ ਵਾਂਗ ਟਿਮ-ਟਿਮਾਉਂਦੀ ਦੀਵਾਲੀ ਦਾ ਤਿਉਹਾਰ ਸੰਸਾਰ ਭਰ ਦੇ ਕਈ ਮੁਲਕਾਂ ਵਿਚ ਨਵੰਬਰ  ਦੇ ਮਹੀਨੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ |ਦੀਵਾਲੀ ਭਾਰਤ ਦਾ ਇੱਕ ਅਜਿਹਾ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸਾਂ ਵਿੱਚ ਮਨਾਇਆ ਜਾਂਦਾ ਹੈ। ਇਸਨੂੰ ਹਿੰਦੂ, ਸਿੱਖ ਅਤੇ ਜੈਨ ਧਰਮ ਦੇ ਲੋਕ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਹਿੰਦੂ ਇਸਨੂੰ ਭਗਵਾਨ ਰਾਮ ਦੇ 14 ਸਾਲਾਂ ਬਨਵਾਸ ਤੋਂ ਮੁੜਨ ਦੀ ਖੁਸ਼ੀ ਵਿੱਚ ਮਨਾਉਂਦੇ ਹਨ। ਜੈਨ ਧਰਮ ਦੇ ਲੋਕ ਮਹਾਂਵੀਰ ਦੇ ਕਵਿਲਯਾ (ਗਿਅਾਨ ਪ੍ਰਾਪਤੀ) ਦੀ ਖੁਸ਼ੀ ਵਿੱਚ ਇਸਨੂੰ ਮਨਾਉਂਦੇ ਹਨ ਅਤੇ ਸਿੱਖ ਧਰਮ ਦੇ ਲੋਕ ਇਹ ਤਿਉਹਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਛੁਡਵਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਤਣ ਦੀ ਖੁਸ਼ੀ ਵਿੱਚ ਮਨਾਉਂਦੇ ਹਨ ਜਿਸ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ।

ਇਸ ਸਰਬ ਸਾਂਝੇ ਤਿਉਹਾਰ ਨੂੰ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ ਨੂੰ ਮਨਾਉਣ ਵਾਲ਼ੇ ਲੋਕ ਵਲੋਂ ਦੀਵਿਆਂ ਅਤੇ ਮੋਬੱਤੀਆਂ ਦੀ ਰੌਸ਼ਨੀ ਕਰਕੇ ਘਰਾਂ ਨੂੰ ਰੁਸ਼ਨਾਇਆ ਜਾਂਦਾ ਹੈ ਪਰ ਅੱਜ ਕੱਲ੍ਹ ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਪ੍ਰਦੂਸ਼ਣ-ਰਹਿਤ ਦੀਵਾਲੀ ਮਨਾਉਣੀ ਵੀ ਸਮੇਂ ਦੀ ਵੱਡੀ ਮੰਗ ਹੈ | ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਦੇਸ਼ ਭਰ ਵਿਚ ਅਰਬਾਂ ਰੁਪਏ ਦੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ | ਪਟਾਕੇ ਚਲਾਉਣ ਨਾਲ ਇਨ੍ਹਾਂ ਵਿਚੋਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜੋ ਜਿੱਥੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਉੱਥੇ ਇਹ ਕਈ ਬਿਮਾਰੀਆਂ ਦਾ ਕਾਰਨ ਵੀ ਬਣਦੀਆਂ ਹਨ | ਪਟਾਕਿਆਂ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਜਾਣਦੇ ਹੋਏ ਵੀ ਅਸੀਂ ਦੀਵਾਲੀ ਨੂੰ ਦੀਵਿਆਂ ਦੇ ਤਿਉਹਾਰ ਵਜੋਂ ਨਾ ਮਨਾ ਕੇ ਪਟਾਕਿਆਂ ਦੇ ਤਿਉਹਾਰ ਵਜੋਂ ਜ਼ਿਆਦਾ ਮਨਾਉਂਦੇ ਹਾਂ ਜੋ ਕਿ ਸਾਡੇ ਸਮਾਜ ਲਈ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ| ਅਸੀਂ ਜਾਣਦੇ ਹਾਂ ਕੀ ਕੁਝ ਸਮੇਂ ਦੇ ਮੰਨੋਰੰਜਨ ਲਈ ਵਾਤਾਵਰਨ ਨੂੰ ਕਿੰਨਾ ਪ੍ਰਦੂਸ਼ਿਤ ਕਰ ਦਿੰਦੇ ਹਾਂ? ਇਸ ਦਾ ਕੋਈ ਲੇਖਾ ਜੋਖਾ ਹੀ ਨਹੀਂ ਹੈ | ਪਟਾਕਿਆਂ ਨਾਲ ਅੱਗ ਲੱਗਣਾ, ਜਾਨੀ ਨੁਕਸਾਨ ਤੇ ਦੁਰਘਟਨਾ ਹੋਣਾ ਆਮ ਗੱਲ ਹੁੰਦੀ ਜਾ ਰਹੀ ਹੈ | ਆਓ ਆਪਾਂ ਆਪਣੇ ਮੁੱਢਲੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਨਰੋਏ ਵਾਤਾਵਰਨ ਸਿਰਜਣ ਵਿੱਚ ਆਪਣਾ ਯੋਗਦਾਨ ਪਾਈਏ। ਆਓ ਆਪਾਂ ਸਾਫ ਸੁਥਰਾ ਵਾਤਾਵਰਣ ਬਣਾਈਏ ਅਤੇ ਪਟਾਕਿਆਂ ਰਹਿਤ ਦੀਵਾਲੀ ਮਨਾਈਏ। ਆਓ ਇਸ ਖੁਸ਼ੀਆਂ ਭਰੇ ਤਿਉਹਾਰ ਮੌਕੇ ਆਪਾਂ ਸਮਾਜ ਵਿਚ ਪਿਆਰ ਅਤੇ ਇਤਫ਼ਾਕ ਬਣਾਉਣ ਦਾ ਯਤਨ ਕਰੀਏ। ਉਮੀਦ ਕਰਦਾ ਹਾਂ ਕਿ ਇਹ ਤਿਉਹਾਰ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ। ਧੰਨਵਾਦ ਸਾਹਿਤ *ਤੁਹਾਡਾ ਅਜ਼ੀਜ਼ “ਸੁੱਖੀ ਬਾਠ” (ਸੰਸਥਾਪਕ, ਪੰਜਾਬ ਭਵਨ ਸਰੀ ਕੈਨੇਡਾ)

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares