ਅਮਨ ,ਸਾਂਤੀ ਅਤੇ ਭਾਈਚਾਰਕ ਸਾਂਝ ਬਣਾਉਣ ਦਾ ਸੁਨੇਹਾ ਲੈ ਵਿਸ਼ਵ ਦੀ ਸਾਇਕਲ ਯਾਤਰਾ’ਤੇ ਨਿਕਲੇ ਡਾਕਟਰ ਰਾਜ ਉਰਫ਼ ਸਾਇਕਲ ਬਾਬਾ ਦਾ ਯੂਰਪ ਦੇ ਦੇਸ਼ ਇਟਲੀ ਪਹੁੰਚਣ’ਤੇ ਭਾਰਤੀ ਅਤੇ ਇਤਾਅਲੀਅਨ ਭਾਈਚਾਰੇ ਵੱਲੋਂ ਨਿੱਘਾ ਸਵਾਗਤ

ਪੰਜਾਬ ਅਤੇ ਪੰਜਾਬੀਅਤ

* ਸੰਨ 2016 ਹਰਿਆਣਾ ਤੋਂ ਸ਼ੁਰੂ ਕੀਤੀ ਸੀ ਵਿਸ਼ਵ ਲਈ ਸਾਇਕਲ ਯਾਤਰਾ ਹੁਣ ਤੱਕ 30 ਦੇਸ਼ ਤੇ 43000 ਕਿਲੋਮੀਟਰ ਦਾ ਸਫ਼ਰ ਤੈਅ*

ਰੋਮ ਇਟਲੀ (ਕੈਂਥ)ਦੁਨੀਆਂ ਵਿੱਚ ਕੁਝ ਇਨਸਾਨ ਅਜਿਹੇ ਕਾਰਜ ਕਰਨ ਨੂੰ ਆਪਣੀ ਜਿੰਦਗੀ ਦਾ ਮਕਸਦ ਬਣਾ ਲੈਂਦੇ ਹਨ ਜਿਹਨਾਂ ਬਾਰੇ ਆਮ ਇਨਸਾਨ ਸੋਚਣ ਤੋਂ ਵੀ ਕਤਰਾਉਂਦੇ ਹਨ ਅਜਿਹਾ ਹੀ ਇੱਕ ਭਾਰਤੀ ਨੌਜਵਾਨ ਹੈ ਡਾਕਟਰ ਰਾਜ (40)ਉਰਫ਼ ਸਾਇਕਲ ਬਾਬਾ ਜਿਹੜਾ ਕਿ ਵਿਸ਼ਵ ਵਿੱਚ ਅਮਨ ,ਸਾਂਤੀ ਅਤੇ ਭਾਈਚਾਰਕ ਸਾਂਝ ਬਣਾਉਣ ਦਾ ਸੁਨੇਹਾ ਲੈ ਪਿਛਲੇ 3 ਸਾਲਾਂ ਤੋਂ ਸਾਇਕਲ ਯਾਤਰਾ ਉੱਤੇ ਹੈ ਤੇ ਬੀਤੇ ਦਿਨ ਡਾਕਟਰ ਰਾਜ ਉਰਫ਼ ਸਾਇਕਲ ਬਾਬਾ ਸ਼੍ਰੀ ਲੰਕਾ,ਬੰਗਲਾਦੇਸ਼,ਭੂਟਾਨ,ਨੇਪਾਲ ਤੇ ਤੁਰਕੀ ਆਦਿ 30 ਦੇਸ਼ਾਂ ਦੀ ਸਾਇਕਲ ਰਾਹੀਂ ਯਾਤਰਾ ਕਰਦਾ ਕਰੀਬ 43000 ਕਿਲੋਮੀਟਰ ਦਾ ਪੈਂਡਾ ਤਹਿ ਕਰਕੇ ਇਟਲੀ ਪਹੁੰਚ ਗਿਆ ਹੈ।

ਸਾਇਕਲ ਬਾਬਾ ਇਟਲੀ ਦੇ ਮਿਲਾਨ ਸ਼ਹਿਰ ਦੇ ਨਜ਼ਾਰੇ ਦੇਖਣ ਤੋਂ ਬਾਅਦ ਕਲ੍ਹ ਰੋਮ ਤੋਂ ਹੁੰਦਾ ਹੋਇਆ ਲਾਤੀਨਾ ਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਪਹੁੰਚਿਆ ਜਿੱਥੇ ਉਸ ਦਾ ਸਥਾਨਕ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਬਹੁਤ ਹੀ ਜੋਸ਼ੀਲੇ ਢੰਗ ਨਾਲ ਨਿੱਘਾ ਸਵਾਗਤ ਕੀਤਾ।ਸਾਇਕਲ ਬਾਬਾ ਮਾਤਾ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਅਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਵਿਖੇ ਨਤਮਸਤਕ ਹੋਣ ਉਪੰਰਤ ਭਾਰਤੀ ਭਾਈਚਾਰੇ ਵੱਲੋਂ ਸ਼ਹਿਰ ਦੀ ਨਗਰ ਕੌਂਸਲ ਦੇ ਸਹਿਯੋਗ ਨਾਲ ਉਸ ਨੂੰ “ਜੀ ਆਇਆ” ਕਹਿਣ ਲਈ ਰੱਖੇ ਵਿਸੇਸ ਸਮਾਗਮ ਵਿੱਚ ਪਹੁੰਚੇ ਜਿੱਥੇ ਉਸ ਦਾ ਨਗਰ ਕੌਂਸਲ ਤੇਰਾਚੀਨਾ ਦੀ ਮੇਅਰ ਵੱਲੋਂ ਵਿਸੇæਸ ਸਨਮਾਨ ਕੀਤਾ ਤੇ ਵਿਸ਼ਵ ਦੀ ਸਾਇਕਲ ਯਾਤਰਾ ਲਈ ਸੁਭਕਾਮਨਾਵਾਂ ਤੇ ਵਿਸੇਸ ਵਧਾਈ ਦਿੱਤੀ।

ਸਾਇਕਲ ਬਾਬਾ ਕੋਲੋ ਸਮਾਗਮ ਦੌਰਾਨ ਇੱਕ ਯਾਦਗਾਰੀ ਰੁੱਖ ਵੀ ਲੁਆਇਆ ਗਿਆ ਜਿਹੜਾ ਕਿ ਆਉਣ ਵਾਲੇ ਸਮੇਂ ਵਿੱਚ ਉਸ ਦੇ ਇਟਲੀ ਆਉਣ ਦੇ ਮਕਸਦ ਨੂੰ ਯਾਦ ਕਰਵਾਉਂਦਾ ਰਹੇਗਾ।ਇਸ ਮੌਕੇ ਡਾਕਟਰ ਰਾਜਾ ਉਰਫ਼ ਸਾਇਕਲ ਬਾਬਾ ਨੇ ਇਟਾਲੀਅਨ ਪੰਜਾਬੀ ਪ੍ਰੈੱਸ ਨਾਲ ਆਪਣੇ ਵਿਚਾਰ ਸਾਝੈ ਕਰਦਿਆਂ ਕਿਹਾ ਕਿ ਉਸ ਨੇ ਇਹ ਯਾਤਰਾ 5 ਸਤੰਬਰ 2016 ਨੂੰ ਭੂਨਾ(ਫਤਿਹਾਬਾਦ)ਹਰਿਆਣਾ ਤੋਂ ਸ਼ੁਰੂ ਕੀਤੀ ਸੀ ਜਿਸ ਨੂੰ ਚਲਦੇ 3 ਸਾਲ ਹੋ ਤੇ ਹਾਲੇ ਹੋਰ 8-9 ਸਾਲ ਦਾ ਸਮਾਂ ਲੱਗਣ ਦਾ ਅਨੁਮਾਨ ਹੈ।ਹੁਣ ਤੱਕ 3 ਸਾਲਾਂ ਦੀ ਕੀਤੀ ਯਾਤਰਾ ਦੌਰਾਨ ਸਾਇਕਲ ਬਾਬਾ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮ੍ਹਣਾ ਪਿਆ ,ਉਸ ਉਪੱਰ ਮੌਸਮੀ ਪ੍ਰਭਾਵ ਵੀ ਹੋਇਆ ਜਿਸ ਕਾਰਨ ਉਸ ਨੂੰ ਹਸਪਤਾਲ ਵੀ ਜਾਣਾ ਪਿਆ ਪਰ ਇਸ ਸਭ ਦੇ ਬਾਵਜੂਦ ਉਸ ਦੇ ਇਰਾਦੇ ਬੁਲੰਦ ਹਨ।

ਇਟਲੀ ਪਹੁੰਚਣ ਤੋਂ ਬਾਅਦ ਇਟਲੀ ਦੇ ਭਾਰਤੀ ਭਾਈਚਾਰੇ ਵਿੱਚ ਆਕੇ ਉਸ ਨੂੰ ਇੰਝ ਹੀ ਲੱਗਾ ਕਿ ਉਹ ਆਪਣੇ ਸ਼ਹਿਰ ਆਪਣੇ ਆਪਣਿਆਂ ਵਿੱਚ ਆ ਗਿਆ ਹੈ ।ਹੁਣ ਤੱਕ 30 ਦੇਸ਼ਾਂ ਦੀ ਸਾਇਕਲ ਯਾਤਰਾ ਵਿੱਚ ਸਾਇਕਲ ਬਾਬਾ ਨੂੰ ਅਜਿਹਾ ਅਹਿਸਾਸ ਪਹਿਲੀ ਵਾਰ ਹੋਇਆ ਹੈ ।ਇਸ ਸਵਾਗਤ ਲਈ ਉਹ ਸਾਰੇ ਭਾਰਤੀਆਂ ਦਾ ਅਤੇ ਇਟਾਲੀਅਨ ਭਾਈਚਾਰੇ ਦਾ ਵਿਸੇæਸ ਧੰਨਵਾਦੀ ਹੈ ਜਿਹਨਾਂ ਉਸ ਨੂੰ ਇਨ੍ਹਾਂ ਸਤਿਕਾਰ ਦਿੱਤਾ।ਯੂਰਪ ਦੇ ਵੱਖ-ਵੱਖ ਦੇਸ਼ਾਂ ਦੀ 3 ਮਹੀਨੇ ਸਾਇਕਲ ਯਾਤਰਾ ਕਰਦੇ ਹੋਏ ਸਾਇਕਲ ਬਾਬਾ ਇੰਗਲੈਂਡ ਜਾਣਗੇ।

ਜ਼ਿਕਰਯੋਗ ਹੈ ਕਿ ਸਾਇਕਲ ਬਾਬਾ (ਜਿਹੜਾ ਕਿ ਆਯੂਵੈਦਿਕ ਵਿੱਚ ਐਮ,ਡੀ ਹੈ)ਧਰਮਪਤਨੀ ਦੀ ਬੇਵਕਤ ਮੌਤ ਤੋਂ ਬਾਅਦ ਇੱਕਲਾ ਰਹਿ ਗਿਆ ਤੇ 10 ਸਾਲ ਆਯੂਰਵੈਦਿਕ ਹਸਤਪਾਲ ਵਿੱਚ ਲੋਕਾਂ ਦੀ ਸੇਵਾ ਕਰਨ ਦੇ ਬਾਅਦ ਵਿਸ਼ਵ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਦੇ ਸੁਨੇਹੇ ਨੂੰ ਲੈ ਵਿਸ਼ਵ ਦੀ ਸਾਇਕਲ ਯਾਤਰਾ ਨੂੰ ਆਪਣੀ ਜਿੰਦਗੀ ਦਾ ਮਕਸਦ ਬਣਾਉਂਦੇ ਉਹਨਾਂ ਰਾਹਾਂ ਦਾ ਪਾਂਧੀ ਬਣ ਗਿਆ ਜਿਹਨਾਂ ਨੂੰ ਤੈਅ ਕਰਨਾ ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਮਾਊਂਟ ਐਵਰੈਸਟ ਉਪੱਰ ਚੜ੍ਹਨ ਬਰਾਬਰ ਹੈ।ਪ੍ਰਮਾਤਮਾ ਸਾਇਕਲ ਬਾਬਾ ਨੂੰ ਤਦਰੁੱਸਤੀ ਬਖ਼ਸੇ ਤਾਂ ਜੋ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੇ।

ਫੋਟੋ ਕੈਪਸ਼ਨ:—ਅਮਨ ,ਸਾਂਤੀ ਅਤੇ ਭਾਈਚਾਰਕ ਸਾਂਝ ਬਣਾਉਣ ਦਾ ਸੁਨੇਹਾ ਲੈ ਵਿਸ਼ਵ ਯਾਤਰਾ ਲਈ ਸਾਇਕਲ ‘ਤੇ ਨਿਕਲੇ ਡਾਕਟਰ ਰਾਜ ਉਰਫ਼ ਸਾਇਕਲ ਬਾਬਾ ਦਾ ਇਟਲੀ ਦੇ ਸ਼ਹਿਰ ਤੇਰਾਚੀਨਾ ਪਹੁੰਚਣ ਮੌਕੇ ਸਵਾਗਤ ਕਰਦੇ ਭਾਰਤੀ ਅਤੇ ਇਤਾਲੀਅਨ ਭਾਈਚਾਰੇ ਦੇ ਨੁਮਾਇੰਦੇ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares